ਕਾਰੋਬਾਰੀ ਪ੍ਰਿੰਕਲ ਨੂੰ ਅਦਾਲਤ ਦੇ ਬਾਹਰ ਵਕੀਲ ਨੇ ਥੱਪੜ ਮਾਰਿਆ
ਸੋਸ਼ਲ ਮੀਡੀਆ ’ਤੇ ਆਪਣੇ ਬਿਆਨਾਂ ਕਰ ਕੇ ਚਰਚਾ ਵਿੱਚ ਰਹਿਣ ਵਾਲੇ ਜੁੱਤਾ ਕਾਰੋਬਾਰੀ ਪ੍ਰਿੰਕਲ ਨੂੰ ਅੱਜ ਅਦਾਲਤ ਵਿੱਚ ਪੁਲੀਸ ਸੁਰੱਖਿਆ ਹੇਠ ਪੇਸ਼ ਕੀਤਾ ਗਿਆ। ਇੱਕ ਵਕੀਲ ਨੇ ਅਦਾਲਤ ਦੇ ਕਮਰੇ ਦੇ ਬਾਹਰ ਹੀ ਉਸ ਦੇ ਮੂੰਹ ’ਤੇ ਥੱਪੜ ਮਾਰ ਦਿੱਤਾ। ਇਸ ਤੋਂ ਬਾਅਦ ਪੁਲੀਸ ਪ੍ਰਿੰਕਲ ਨੂੰ ਅਦਾਲਤ ਵਿੱਚ ਲੈ ਗਈ ਪਰ ਪ੍ਰਿੰਕਲ ਦੇ ਦੋਸਤਾਂ ਨੇ ਬਾਅਦ ਵਿੱਚ ਅਦਾਲਤ ਦੇ ਬਾਹਰ ਕਾਫ਼ੀ ਹੰਗਾਮਾ ਕੀਤਾ। ਇਸ ਤੋਂ ਬਾਅਦ ਪ੍ਰਿੰਕਲ ਦੇ ਦੂਜੇ ਪੱਖ ਦੇ ਲੋਕ ਵੀ ਉੱਥੇ ਪੁੱਜ ਗਏ ਤੇ ਨਾਅਰੇਬਾਜ਼ੀ ਕੀਤੀ। ਅਦਾਲਤ ਦੇ ਬਾਹਰ ‘ਪ੍ਰਿੰਕਲ ਬਲੈਕਮੇਲਰ’ ਦੇ ਨਾਅਰੇ ਲਗਾਏ ਗਏ। ਪ੍ਰਿੰਕਲ ਦੀ ਮਾਤਾ ਤੇ ਭਰਾ ਨੇ ਪੁਲੀਸ ਤੋਂ ਸੁਰੱਖਿਆ ਦੀ ਮੰਗ ਕੀਤੀ। ਫ਼ਿਲਹਾਲ ਅਦਾਲਤ ਨੇ ਪ੍ਰਿੰਕਲ ਨੂੰ ਇੱਕ ਰੋਜ਼ਾ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਹੈ।
ਜਾਣਕਾਰੀ ਮੁਤਾਬਕ ਪੁਲੀਸ ਨੇ ਤਿੰਨ ਸਾਲ ਪਹਿਲਾਂ ਵਕੀਲ ਗਗਨਦੀਪ ਸਿੰਘ ਵੱਲੋਂ ਦਾਇਰ ਕੀਤੇ ਮਾਮਲੇ ਵਿੱਚ ਮੰਗਲਵਾਰ ਨੂੰ ਜੁੱਤੀਆਂ ਦੇ ਕਾਰੋਬਾਰੀ ਪ੍ਰਿੰਕਲ ਨੂੰ ਗ੍ਰਿਫ਼ਤਾਰ ਕੀਤਾ ਸੀ। ਉਸ ਨੂੰ ਬੁੱਧਵਾਰ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਣਾ ਸੀ। ਪੁਲੀਸ ਨੂੰ ਪਹਿਲਾਂ ਹੀ ਡਰ ਸੀ ਕਿ ਜਦੋਂ ਪ੍ਰਿੰਕਲ ਨੂੰ ਸੁਣਵਾਈ ਲਈ ਲਿਜਾਇਆ ਗਿਆ ਤਾਂ ਕੁਝ ਗ਼ਲਤ ਹੋ ਸਕਦਾ ਹੈ। ਪੁਲੀਸ ਨੇ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਸਨ। ਜਿਵੇਂ ਹੀ ਪ੍ਰਿੰਕਲ ਆਪਣੀ ਟੋਪੀ ਉਤਾਰ ਕੇ ਅਦਾਲਤ ਦੇ ਕਮਰੇ ਵਿੱਚ ਦਾਖ਼ਲ ਹੋਣ ਲੱਗਿਆ, ਗੇਟ ਦੇ ਬਾਹਰ ਖੜ੍ਹੇ ਇੱਕ ਵਕੀਲ ਨੇ ਉਸ ਦੇ ਮੂੰਹ ’ਤੇ ਥੱਪੜ ਮਾਰ ਦਿੱਤਾ। ਇਸ ਦੌਰਾਨ ਪ੍ਰਿੰਕਲ ਦੇ ਸਾਥੀਆਂ ਅਤੇ ਵਕੀਲ ਵਿਚਕਾਰ ਕਾਫ਼ੀ ਬਹਿਸ ਹੋਈ ਅਤੇ ਮਾਮਲਾ ਹੱਥੋਪਾਈ ਤੱਕ ਪਹੁੰਚ ਗਿਆ। ਪੁਲੀਸ ਨੇ ਦਖ਼ਲ ਦੇ ਕੇ ਸਥਿਤੀ ਨੂੰ ਸ਼ਾਂਤ ਕੀਤਾ। ਬਾਅਦ ਵਿੱਚ ਪੁਲੀਸ ਪ੍ਰਿੰਕਲ ਨੂੰ ਅਦਾਲਤ ਲੈ ਗਈ, ਪਰ ਪ੍ਰਿੰਕਲ ਦੇ ਦੋਸਤਾਂ ਨੇ ਹੰਗਾਮਾ ਕੀਤਾ। ਇਸ ਦੌਰਾਨ ਉਸ ਦੇ ਪੁਰਾਣੇ ਦੋਸਤ ਅਤੇ ਹੁਣ ਦੇ ਵਿਰੋਧੀ ਹਨੀ ਸੇਠੀ ਅਤੇ ਹਰਪ੍ਰੀਤ ਸਿੰਘ ਮੱਖੂ ਵੀ ਉੱਥੇ ਪਹੁੰਚ ਗਏ। ਉਨ੍ਹਾਂ ਦੀ ਪ੍ਰਿੰਕਲ ਦੇ ਪਰਿਵਾਰਕ ਮੈਂਬਰਾਂ ਨਾਲ ਵੀ ਬਹਿਸ ਹੋਈ, ਕਿਸੇ ਤਰ੍ਹਾਂ ਪੁਲੀਸ ਨੇ ਉੱਥੇ ਮਾਹੌਲ ਸ਼ਾਂਤ ਕੀਤਾ। ਪ੍ਰਿੰਕਲ ਨੇ ਥੱਪੜ ਮਾਰਨ ਵਾਲੇ ਵਕੀਲ ਵਿਰੁੱਧ ਸੋਸ਼ਲ ਮੀਡੀਆ ’ਤੇ ਵੀ ਕੁਝ ਕਿਹਾ ਸੀ, ਜਿਸ ਕਾਰਨ ਉਨ੍ਹਾਂ ਵਿਚਕਾਰ ਝਗੜਾ ਹੋ ਗਿਆ। ਹੁਣ ਜਦੋਂ ਉਸ ਨੂੰ ਮੌਕਾ ਮਿਲਿਆ ਤਾਂ ਉਸ ਨੇ ਪ੍ਰਿੰਕਲ ਦੇ ਥੱਪੜ ਮਾਰ ਦਿੱਤਾ। ਪੁਲੀਸ ਨੇ ਕਿਸੇ ਤਰ੍ਹਾਂ ਮਾਹੌਲ ਸ਼ਾਂਤ ਕੀਤਾ ਅਤੇ ਪ੍ਰਿੰਕਲ ਨੂੰ ਅਦਾਲਤ ਵਿੱਚ ਪੇਸ਼ ਕਰਨ ਤੋਂ ਬਾਅਦ ਉਸ ਨੂੰ ਉੱਥੋਂ ਲੈ ਗਈ।