ਕਿਲੋਮੀਟਰ ਸਕੀਮ ਦੇ ਵਿਰੋਧ ’ਚ ਬੱਸ ਅੱਡਾ ਬੰਦ
ਪੰਜਾਬ ਰੋਡਵੇਜ਼ ਪਨਬੱਸ, ਪੀ ਆਰ ਟੀ ਸੀ ਕੰਟਰੈਕਟ ਵਰਕਰਜ਼ ਯੂਨੀਅਨ ਵੱਲੋਂ ਪ੍ਰਦਰਸ਼ਨ
ਪੰਜਾਬ ਰੋਡਵੇਜ਼ ਪਨਬੱਸ, ਪੀ ਆਰ ਟੀ ਸੀ ਕੰਟਰੈਕਟ ਵਰਕਰਜ਼ ਯੂਨੀਅਨ ਵੱਲੋਂ ਅੱਜ ਸੂਬੇ ਭਰ ਵਿੱਚ ਕਿਲੋਮੀਟਰ ਸਕੀਮ ਦੇ ਵਿਰੋਧ ਵਿੱਚ ਬੱਸ ਅੱਡੇ ਬੰਦ ਕਰ ਕੇ ਰੋਸ ਪ੍ਰਦਰਸ਼ਨ ਕੀਤੇ ਗਏ। ਲੁਧਿਆਣਾ ਬੱਸ ਅੱਡੇ ’ਤੇ ਵੀ ਕਰੀਬ ਚਾਰ ਘੰਟੇ ਪ੍ਰਦਰਸ਼ਨ ਜਾਰੀ ਰਿਹਾ। ਇਸ ਦੌਰਾਨ ਬੱਸ ਅੱਡਾ ਬੰਦ ਕਰ ਦਿੱਤਾ ਗਿਆ ਜਿਸ ਕਾਰਨ ਲੋਕਾਂ ਨੂੰ ਪ੍ਰੇਸ਼ਾਨੀ ਝੱਲਣੀ ਪਈ। ਲੋਕ ਬੱਸ ਸਟੈਂਡ ਦੇ ਬਾਹਰੋਂ ਪ੍ਰਾਈਵੇਟ ਬੱਸਾਂ ਵਿੱਚ ਜਾਣ ਲਈ ਮਜਬੂਰ ਹੋ ਗਏ।
ਇਸ ਦੌਰਾਨ ਸੰਬੋਧਨ ਕਰਦਿਆਂ ਹੋਏ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਸ਼ਮਸ਼ੇਰ ਸਿੰਘ ਢਿੱਲੋਂ ਅਤੇ ਸੂਬਾ ਜੁਆਇੰਟ ਸਕੱਤਰ ਜਗਤਾਰ ਸਿੰਘ ਨੇ ਕਿਹਾ ਕਿ ਪਿਛਲੇ ਚਾਰ ਸਾਲਾਂ ਵਿੱਚ ਟਰਾਂਸਪੋਰਟ ਵਿਭਾਗ ਦਾ ਇੱਕ ਵੀ ਮੁਲਾਜ਼ਮ ਪੱਕਾ ਨਹੀਂ ਕੀਤਾ ਗਿਆ ਜਦੋਂਕਿ ਸਰਕਾਰ ਵਿਭਾਗ ਨੂੰ ਚਲਾਉਣ ਵਿੱਚ ਪੂਰੀ ਤਰ੍ਹਾਂ ਨਾਕਾਮ ਰਹੀ ਹੈ। ਉਨ੍ਹਾਂ ਕਿਹਾ ਕਿ ਤਨਖ਼ਾਹਾਂ ਹਮੇਸ਼ਾਂ ਦੇਰ ਨਾਲ ਮਿਲਦੀਆਂ ਹਨ ਅਤੇ ਕੱਚੇ ਮੁਲਾਜ਼ਮਾਂ ਨੂੰ ਹਰ ਮਹੀਨੇ ਸੰਘਰਸ਼ ਕਰਨਾ ਪੈਂਦਾ ਹੈ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਸਰਕਾਰ ਵੱਲੋਂ ਵਾਰ-ਵਾਰ ਨਵੇਂ ਠੇਕੇਦਾਰ ਲਿਆਂਦੇ ਜਾ ਰਹੇ ਹਨ ਤੇ ਮੁਲਾਜ਼ਮਾਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਹੈ।
ਯੂਨੀਅਨ ਆਗੂਆਂ ਨੇ ਦੱਸਿਆ ਕਿ ਮੁਲਾਜ਼ਮਾਂ ਦੀਆਂ ਮੰਗਾਂ ਬਾਰੇ 55 ਤੋਂ ਵੱਧ ਮੀਟਿੰਗਾਂ ਟਰਾਂਸਪੋਰਟ ਮੰਤਰੀ ਅਤੇ ਦੋ ਮੀਟਿੰਗਾਂ ਮੁੱਖ ਮੰਤਰੀ ਨਾਲ ਹੋ ਚੁੱਕੀਆਂ ਹਨ, ਪਰ ਹੁਣ ਤੱਕ ਕੋਈ ਹੱਲ ਨਹੀਂ ਨਿਕਲਿਆ। ਪਹਿਲੀ ਜੁਲਾਈ 2024 ਨੂੰ ਮੁੱਖ ਮੰਤਰੀ ਵੱਲੋਂ ਲਿਖਤੀ ਭਰੋਸਾ ਦਿੱਤਾ ਗਿਆ ਸੀ ਕਿ ਇੱਕ ਮਹੀਨੇ ਵਿੱਚ ਸੱਤ ਮੰਗਾਂ ਮੰਨੀਆਂ ਜਾਣਗੀਆਂ ਪਰ ਸਰਕਾਰ ਨੇ ਹਾਲੇ ਤਕ ਕੁਝ ਨਹੀਂ ਕੀਤਾ।
ਉਨ੍ਹਾਂ ਕਿਹਾ ਕਿ ਮੁਫ਼ਤ ਸਫ਼ਰ ਸਕੀਮਾਂ ਕਾਰਨ ਵਿਭਾਗ ਦੀ ਮਾਲੀ ਹਾਲਤ ਖ਼ਰਾਬ ਹੋ ਚੁੱਕੀ ਹੈ। ਸੈਂਕੜੇ ਬੱਸਾਂ ਖੜ੍ਹੀਆਂ ਹਨ ਕਿਉਂਕਿ ਸਪੇਅਰ ਪਾਰਟ ਦੀ ਘਾਟ ਹੈ ਅਤੇ ਨਵੀਆਂ ਬੱਸਾਂ ਲਈ ਕੋਈ ਬਜਟ ਨਹੀਂ ਦਿੱਤਾ ਗਿਆ। ਇਸ ਦੇ ਉਲਟ ਸਰਕਾਰ ਪ੍ਰਾਈਵੇਟ ਬੱਸ ਮਾਲਕਾਂ ਨੂੰ ਕਿਲੋਮੀਟਰ ਸਕੀਮ ਤਹਿਤ ਫ਼ਾਇਦਾ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੀ ਹੈ।
ਕਿਲੋਮੀਟਰ ਸਕੀਮ ਦੇ ਟੈਂਡਰ ਰੱਦ ਕਰਨ ਦੀ ਮੰਗ
ਡਿੱਪੂ ਪ੍ਰਧਾਨ ਜਤਿੰਦਰ ਸਿੰਘ ਸੋਨੀ, ਸੰਦੀਪ ਸਿੰਘ, ਸੁਖਵਿੰਦਰ ਸਿੰਘ ਬੱਬੂ ਨੇ ਕਿਹਾ ਕਿ ਟਰਾਂਸਪੋਰਟ ਮੰਤਰੀ ਮੁਲਾਜ਼ਮਾਂ ਦੀਆਂ ਮੰਗਾਂ ਦਾ ਹੱਲ ਕਰਨ ਦੀ ਬਜਾਇ ਦਬਾਅ ਦੀ ਨੀਤੀ ਅਪਣਾ ਰਹੇ ਹਨ। ਉਨ੍ਹਾਂ ਨੇ ਮੰਗ ਕੀਤੀ ਕਿ ਕਿਲੋਮੀਟਰ ਸਕੀਮ ਦੇ ਟੈਂਡਰ ਰੱਦ ਕੀਤੇ ਜਾਣ, ਕੱਢੇ ਮੁਲਾਜ਼ਮਾਂ ਨੂੰ ਬਹਾਲ ਕੀਤਾ ਜਾਵੇ, ਬਰਾਬਰ ਕੰਮ ਬਰਾਬਰ ਤਨਖ਼ਾਹ ਲਾਗੂ ਹੋਵੇ ਅਤੇ ਟਰਾਂਸਪੋਰਟ ਮਾਫ਼ੀਆ ਨੂੰ ਖ਼ਤਮ ਕੀਤਾ ਜਾਵੇ। ਯੂਨੀਅਨ ਨੇ ਐਲਾਨ ਕੀਤਾ ਕਿ ਜੇ ਸਰਕਾਰ ਨੇ ਕਿਲੋਮੀਟਰ ਸਕੀਮ ਬੱਸਾਂ ਦਾ ਟੈਂਡਰ ਰੱਦ ਨਾ ਕੀਤਾ ਤਾਂ 25-26 ਅਕਤੂਬਰ ਨੂੰ ਤਰਨ ਤਾਰਨ ਹਲਕੇ ਵਿੱਚ ਸਰਕਾਰ ਵਿਰੁੱਧ ਪ੍ਰਚਾਰ ਤੇ ਸੰਘਰਸ਼ ਸ਼ੁਰੂ ਕੀਤੇ ਜਾਣਗੇ। ਇਸ ਦੌਰਾਨ ਪ੍ਰਵੀਨ ਕੁਮਾਰ, ਗੁਰਸ਼ਰਨ ਸਿੰਘ, ਸਤਗੁਰੂ ਸਿੰਘ, ਗੁਰਵਿੰਦਰ ਸਿੰਘ, ਰਾਜਬੀਰ ਸਿੰਘ ਸਮੇਤ ਹੋਰ ਆਗੂ ਹਾਜ਼ਰ ਸਨ