ਸੰਗਰੂਰ ਤੋਂ ਖਿਡਾਰੀਆਂ ਨਾਲ ਨੂੰ ਲੈ ਕੇ ਲੁਧਿਆਣਾ ਪੁੱਜੀ ਇੱਕ ਬੱਸ ਸਵੇਰੇ ਹੋਈਵੋਲਟੇਜ ਤਾਰਾਂ ਦੀ ਲਪੇਟ ਵਿੱਚ ਆ ਗਈ। ਬੱਸ ਦੇ ਟਕਰਾਉਂਦੇ ਹੀ ਤਾਰਾਂ ਵਿੱਚੋਂ ਚੰਗਿਆੜੀਆਂ ਨਿਕਲਣੀਆਂ ਸ਼ੁਰੂ ਹੋ ਗਈਆਂ। ਬੱਸ ਵਿੱਚ ਬੈਠੇ ਬੱਚਿਆਂ ਨੇ ਰੌਲਾ ਪਾਇਆ ਤਾਂ ਡਰਾਈਵਰ ਨੇ ਬੱਸ ਰੋਕੀ। ਇਹ ਹਾਦਸਾ ਕੋਚਰ ਮਾਰਕੀਟ ਇਲਾਕੇ ਵਿੱਚ ਅੱਜ ਸਵੇਰੇ ਵਾਪਰਿਆ। ਜਦੋਂ ਤਾਰਾਂ ਵਿੱਚ ਚੰਗਿਆੜੀਆਂ ਨਿਕਲਣੀਆਂ ਬੰਦ ਹੋਈਆਂ ਤਾਂ ਬੱਚਿਆਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ। ਇਸ ਮਗਰੋਂ ਬੱਸ ਨੂੰ ਹੋਲੀ ਹੋਲੀ ਤਾਰਾਂ ਦੇ ਲਪੇਟ ਵਿੱਚੋਂ ਕੱਢਿਆ। ਬੱਸ ਦੇ ਟਕਰਾਉਣ ਕਾਰਨ ਤਾਰਾਂ ਨੂੰ ਵੀ ਕਾਫ਼ੀ ਨੁਕਸਾਨ ਹੋਇਆ, ਇਲਾਕੇ ਵਿੱਚ ਕਾਫ਼ੀ ਸਮਾਂ ਬਿਜਲੀ ਵੀ ਬੰਦ ਰਹੀ। ਮੌਕੇ ’ਤੇ ਪੁੱਜੇ ਬਿਜਲੀ ਦੇ ਮੁਲਾਜ਼ਮਾਂ ਨੇ ਕਈ ਘੰਟੇ ਬਾਅਦ ਤਾਰਾਂ ਠੀਕ ਕਰਕੇ ਬਿਜਲੀ ਦੀ ਸਪਲਾਈ ਬਹਾਲ ਕੀਤੀ। ਜਾਣਕਾਰੀ ਮੁਤਾਬਕ ਲੁਧਿਆਣਾ ਵਿੱਚ ਖੇਡ ਮੁਕਾਬਲੇ ਚੱਲ ਰਹੇ ਹਨ। ਉਸ ਵਿੱਚ ਪੂਰੇ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚੋਂ ਬੱਚੇ ਹਿੱਸਾ ਲੈਣ ਲਈ ਪੁੱਜ ਰਹੇ ਹਨ। ਇਸੇ ਤਹਿਤ ਸੰਗਰੂਰ ਜ਼ਿਲ੍ਹੇ ਤੋਂ ਵੀ 55 ਖ਼ਿਡਾਰੀ ਬੱਸ ਵਿੱਚ ਸਵਾਰ ਹੋ ਕੇ ਲੁਧਿਆਣਾ ਪੁੱਜੇ ਸਨ। ਜਦੋਂ ਸਵੇਰੇ ਤੜਕੇ ਉਨ੍ਹਾਂ ਦੀ ਬੱਸ ਕੋਚਰ ਮਾਰਕੀਟ ਨੇੜੇ ਇਲਾਕੇ ਵਿੱਚ ਪੁੱਜੀ ਤਾਂ ਉਥੇ ਲਟਕ ਰਹੀਆਂ ਹਾਈਵੋਲਟੇਜ ਤਾਰਾਂ ਵਿੱਚ ਟਕਰਾ ਗਈ। ਬੱਸ ਦੇ ਟਕਰਾਉਣ ਕਾਰਨ ਤਾਰਾਂ ਟੁੱਟ ਗਈਆਂ। ਬੱਚਿਆਂ ਨੇ ਰੌਲਾ ਪਾਇਆ ਤੇ ਡਰਾਈਵਰ ਨੇ ਬੱਸ ਰੋਕੀ ਤੇ ਇੱਕ ਇੱਕ ਕਰਕੇ ਸਾਰੇ ਬੱਚਿਆਂ ਨੂੰ ਬਾਹਰ ਕੱਢਿਆ ਗਿਆ। ਬਿਜਲੀ ਦੀ ਸਪਲਾਈ ਬੰਦ ਕਰਕੇ ਬੱਸ ਨੂੰ ਉਥੋਂ ਕਢਵਾਇਆ ਗਿਆ। ਮੌਕੇ ’ਤੇ ਪੁੱਜੇ ਲੋਕਾਂ ਮੁਤਾਬਕ ਤਾਰਾਂ ਟੁੱਟ ਕੇ ਸੜਕ ’ਤੇ ਡਿੱਗ ਗਈਆਂ ਸਨ, ਜੇ ਉਹ ਬੱਸ ਉਪਰ ਡਿੱਗ ਜਾਂਦੀਆਂ ਤਾਂ ਵੱਡਾ ਹਾਦਸਾ ਹੋ ਸਕਦਾ ਸੀ। ਖਿਡਾਰੀਆਂ ਨੂੰ ਕਿਸੇ ਹੋਰ ਵਾਹਨ ਵਿੱਚ ਮੁਕਾਬਲੇ ਲਈ ਭੇਜਿਆ ਗਿਆ।
ਮੌਕੇ ’ਤੇ ਲੋਕਾਂ ਨੇ ਦੱਸਿਆ ਕਿ ਬੱਸ ਡਰਾਈਵਰ ਨੇ ਕਿਹਾ ਕਿ ਹਨੇਰਾ ਹੋਣ ਕਰਕੇ ਅਤੇ ਸਟਰੀਟ ਲਾਈਟਾਂ ਬੰਦ ਹੋਣ ਕਾਰਨ, ਉਸ ਨੂੰ ਤਾਰਾਂ ਨਜ਼ਰ ਹੀ ਨਹੀਂ ਆਈਆਂ। ਅਚਾਨਕ ਇੱਕ ਚੰਗਿਆੜੀਆਂ ਦੇਖ ਬੱਚੇ ਵੀ ਕਾਫ਼ੀ ਸਹਿਮ ਗਏ ਸਨ।

