ਚਰਨਜੀਤ ਸਿੰਘ ਢਿੱਲੋਂ
ਜਗਰਾਉਂ, 5 ਜੂਨ
ਜ਼ਿਲ੍ਹਾ ਪ੍ਰਸ਼ਾਸਨ ਤੇ ਪੁਲੀਸ ਵਿਭਾਗ ਦੀ ਸਾਂਝੀ ਕਾਰਵਾਹੀ ਤਹਿਤ ਅੱਜ ਨਸ਼ਾ ਤਸਕਰੀ ਦੇ ਦੋਸ਼ ਹੇਠ ਸਜ਼ਾ ਕੱਟ ਰਹੇ ਬੂਟਾ ਸਿੰਘ ਵਾਸੀ ਗਾਂਧੀ ਨਗਰ ਜਗਰਾਉਂ ਦੇ ਮਕਾਨ ’ਤੇ ਬੁਲਡੋਜ਼ਰ ਚਲਾਇਆ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਬੂਟਾ ਸਿੰਘ ਨੂੰ ਚੌਕੀ ਬੱਸ ਸਟੈਂਡ ਦੀ ਪੁਲੀਸ ਨੇ 8 ਅਪਰੈਲ ਨੂੰ ਬੱਸ ਟਰਮੀਨਲ ਤੋਂ ਨਸ਼ੇ ਵਾਲੀਆਂ ਗੋਲੀਆਂ ਸਣੇ ਗ੍ਰਿਫ਼ਤਾਰ ਕੀਤਾ ਸੀ ਤੇ ਨਗਰ ਕੌਂਸਲ ਜਗਰਾਉਂ ਵੱਲੋਂ 2 ਜੂਨ ਨੂੰ ਉਸ ਦੇ ਮਕਾਨ ਦੇ ਬਾਹਰ ਨੋਟਿਸ ਚਿਪਕਾ ਕੇ 5 ਜੂਨ ਤੋਂ ਪਹਿਲਾਂ ਮਕਾਨ ਦੀ ਮਾਲਕੀ ਤੇ ਮਕਾਨ ਬਣਾਉਣ ਵੇਲੇ ਨਗਰ ਕੌਂਸਲ ਵੱਲੋਂ ਪਾਸ ਕਰਵਾਏ ਨਕਸ਼ੇ ਦੇ ਦਸਤਾਵੇਜ਼ਾਂ ਦੀ ਮੰਗ ਕੀਤੀ ਗਈ ਸੀ। ਬੂਟਾ ਸਿੰਘ ਦੇ ਪਰਿਵਾਰ ਵੱਲੋਂ ਨੋਟਿਸ ਅਨੁਸਾਰ ਨਗਰ ਕੌਂਸਲ ਨੂੰ ਦਸਤਾਵੇਜ਼ ਜਮ੍ਹਾਂ ਨਹੀਂ ਕਰਵਾਏ ਗਏ ਜਿਸ ਮਗਰੋਂ ਅੱਜ ਮਕਾਨ ਢਾਹ ਦਿੱਤਾ ਗਿਆ।
ਕਾਰਜਸਾਧਕ ਅਫ਼ਸਰ ਸੁਖਦੇਵ ਸਿੰਘ ਨੇ ਆਖਿਆ ਕਿ ਪੁਲੀਸ ਦੀ ਨਸ਼ਾ ਤਸਕਰਾਂ ਵਾਲੀ ਲਿਸਟ ਵਿੱਚ ਬੂਟਾ ਸਿੰਘ ਦਾ ਨਾਮ ਦਰਜ ਸੀ। ਦੂਸਰੇ ਪਾਸੇ ਲੋਕਾਂ ਨੇ ਇਸ ਕਾਰਵਾਈ ਨੂੰ ਪੱਖਪਾਤੀ ਕਰਾਰ ਦਿੰਦੇ ਹੋਏ ਤਰਕ ਦਿੱਤਾ ਹੈ ਕਿ ਸ਼ਹਿਰ ਵਿੱਚ ਗ਼ੈਰ ਕਾਨੂੰਨੀ ਕਲੋਨੀਆਂ ਬਹੁਤ ਹਨ, ਫਿਰ ਇੱਥੇ ਹੀ ਕਾਰਵਾਈ ਕਿਉਂ ਕੀਤੀ ਗਈ?
ਡਾ. ਅੰਕੁਰ ਗੁਪਤਾ ਨੇ ਮਾਮਲੇ ਦੇ ਸਬੰਧ ਵਿੱਚ ਦੱਸਿਆ ਕਿ ਡੀਸੀ ਦਫ਼ਤਰ ਨੂੰ ਨਾਜਾਇਜ਼ ਉਸਾਰੀਆਂ ਸਬੰਧੀ ਪੱਤਰ ਭੇਜਿਆ ਗਿਆ ਸੀ, ਜਿਸ ਦੇ ਆਧਾਰ ’ਤੇ ਨਗਰ ਕੌਂਸਲ ਦੇ ਕਾਰਜਸਾਧਕ ਅਫਸਰ ਨੇ ਨਾਜਾਇਜ਼ ਉਸਾਰੀਆਂ ਸਬੰਧੀ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਦੱਸਿਆ ਕਿ ਬੂਟਾ ਸਿੰਘ ਖ਼ਿਲਾਫ਼ ਨਸ਼ਾ ਤਸਕਰੀ ਦੇ ਛੇ ਕੇਸ ਦਰਜ ਹਨ ਤੇ ਇਸ ਵੇਲੇ ਵੀ ਉਹ ਨਸ਼ਾ ਤਸਕਰੀ ਦੇ ਦੋਸ਼ ਹੇਠ ਜੇਲ੍ਹ ਵਿੱਚ ਬੰਦ ਹੈ।