ਜਗਰਾਉਂ ਦੇ ਐੱਸਐੱਮਓ ਦਾ ਤਬਾਦਲਾ ਕਰਨ ਦੀ ਬਸਪਾ ਵੱਲੋਂ ਨਿਖੇਧੀ
ਇਥੋਂ ਦੇ ਸਿਵਲ ਹਸਪਤਾਲ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ਹਰਜੀਤ ਸਿੰਘ ਵੱਲੋਂ ‘ਆਪ’ ਆਗੂ ’ਤੇ ਗ਼ਲਤ ਰਿਪੋਰਟ ਤਿਆਰ ਕਰਨ ਲਈ ਦਬਾਅ ਪਾਉਣ ਦੇ ਦੋਸ਼ ਲਗਾਉਣ ਦਾ ਮਾਮਲਾ ਹੁਣ ਐੱਮ ਐੱਮ ਓ ਦੇ ਤਬਾਦਲੇ ਮਗਰੋਂ ਹੋਰ ਭਖ਼ ਗਿਆ ਹੈ।
ਇਸ ਬਾਰੇ ਬਹੁਜਨ ਸਮਾਜ ਪਾਰਟੀ ਨੇ ਆਮ ਆਦਮੀ ਪਾਰਟੀ ਦੇ ਆਗੂਆਂ ਨੂੰ ਤਾਕਤ ਦੀ ਗ਼ਲਤ ਵਰਤੋਂ ਕਰਨ ਦਾ ਦੋਸ਼ ਲਾਉਂਦਿਆਂ ਤਾੜਨਾ ਕੀਤੀ ਹੈ। ਬਸਪਾ ਹਲਕਾ ਇੰਚਾਰਜ ਮਾਸਟਰ ਰਛਪਾਲ ਸਿੰਘ ਗਾਲਿਬ ਨੇ ਕਿਹਾ ਕਿ ਰੌਲਾ ਇਕ ਡੋਪ ਟੈਸਟ ਨੂੰ ਧੱਕੇ ਨਾਲ ਨੈਗੇਟਿਵ ਕਰਨ ਦੇ ਦਬਾਅ ਤੋਂ ਸ਼ੁਰੂ ਹੋਇਆ। ਐਸਐਮਓ ਨੇ ਅਜਿਹਾ ਕਰਨ ਤੇ ਦਬਾਅ ਮੰਨਣ ਤੋਂ ਇਨਕਾਰ ਕਰ ਦਿੱਤਾ ਤਾਂ ਸੱਤਾਧਾਰੀ ਆਗੂ ਉਸ ਦੇ ਵਿਰੋਧ ਵਿੱਚ ਡਟ ਗਏ। ਉਨ੍ਹਾਂ ਕਿਹਾ ਕਿ ਬਦਲਾਅ ਤੇ ਭ੍ਰਿਸ਼ਟਾਚਾਰ ਮੁਕਤ ਸ਼ਾਸਨ ਦੇ ਦਾਅਵੇ ਕਰਨ ਵਾਲੀ ਆਮ ਆਦਮੀ ਪਾਰਟੀ ਗਲਤ ਰਾਹ ਪੈ ਚੁੱਕੀ ਹੈ। ਅਫ਼ਸਰਾਂ ’ਤੇ ਗਲਤ ਕੰਮ ਲਈ ਦਬਾਅ ਦਰਸਾਉਂਦਾ ਹੈ ਕਿ ਪੰਜਾਬ ਸਰਕਾਰ ਦਾ ਗੁੰਡਾ ਅਨਸਰਾਂ ਨੂੰ ਮਜ਼ਬੂਤ ਕਰਨ ਲਈ ਥਾਪੜਾ ਹੈ। ਗਲਤ ਕੰਮ ਕਰਵਾਉਣ ਲਈ ਕਿਸੇ ਵੀ ਵਿਭਾਗ ਦੇ ਅਧਿਕਾਰੀਆਂ ਨੂੰ ਇਸੇ ਤਰ੍ਹਾਂ ਦਬਾਅ ਬਣਾ ਕੰਮ ਲਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਬਸਪਾ ਅਜਿਹਾ ਗੁੰਡਾ ਤੰਤਰ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕਰੇਗੀ। ਉਨ੍ਹਾਂ ਅੱਗੇ ਕਿਹਾ ਕਿ ਬਹੁਜਨ ਸਮਾਜ ਪਾਰਟੀ ਪ੍ਰਸ਼ਾਸਨਿਕ ਸੁਧਾਰਾਂ ਦੀ ਹਮੇਸ਼ਾ ਹਮਾਇਤੀ ਰਹੀ ਹੈ ਅਤੇ ਅਜਿਹੇ ਸੁਧਾਰਾਂ ਲਈ ਸਮੇਂ-ਸਮੇਂ 'ਤੇ ਸੰਘਰਸ਼ ਵੀ ਕਰਦੀ ਰਹਿੰਦੀ ਹੈ। ਇਸ ਮਾਮਲੇ ਵਿੱਚ ਜੇਕਰ ਲੋੜ ਪਈ ਤਾਂ ਬਸਪਾ ਸੰਘਰਸ਼ ਤੋਂ ਪਿੱਛੇ ਨਹੀਂ ਹਟੇਗੀ।