ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 2 ਜੁਲਾਈ
ਰੋਹਤਕ (ਹਰਿਆਣਾ) ਵਿੱਚ ਹੋਈ ਛੇਵੀਂ ਜੂਨੀਅਰ (ਲੜਕੀਆਂ) ਕੌਮੀ ਮੁੱਕੇਬਾਜ਼ੀ ਚੈਂਪੀਅਨਸ਼ਿਪ-2025 (ਅੰਡਰ-17) ’ਚੋਂ ਕਾਂਸੀ ਦਾ ਤਗ਼ਮਾ ਜਿੱਤ ਕੇ ਆਪਣੇ ਪਿੰਡ ਚਕਰ ਪਰਤੀ ਸਿਮਰਨਜੀਤ ਕੌਰ ਧੰਜਲ ਦਾ ਅੱਜ ਵਿਸ਼ੇਸ਼ ਸਨਮਾਨ ਕੀਤਾ ਗਿਆ। ਪੰਜਾਬ ਸਪੋਰਟਸ ਅਕੈਡਮੀ ਦੇ ਪ੍ਰਬੰਧਕਾਂ ਨੇ ਪੰਚਾਇਤ ਅਤੇ ਪਿੰਡ ਵਾਸੀਆਂ ਨਾਲ ਮਿਲ ਕੇ ਇਹ ਸਨਮਾਨ ਕੀਤਾ। ਇਸ ਚੈਂਪੀਅਨਸ਼ਿਪ ਵਿੱਚ ਚਕਰ ਦੀ ਸਿਮਰਨਜੀਤ ਕੌਰ ਧੰਜਲ ਨੇ ਲਾਈਟ ਵੇਟ (57-60 ਕਿਲੋਗ੍ਰਾਮ) ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ ਸੀ। ਪੰਜਾਬ ਸਪੋਰਟਸ ਅਕੈਡਮੀ ਦੇ ਪ੍ਰਧਾਨ ਜਸਕਿਰਨਪ੍ਰੀਤ ਸਿੰਘ ਜਿਮੀ ਨੇ ਦੱਸਿਆ ਕਿ ਚੈਂਪੀਅਨਸ਼ਿਪ ਵਿੱਚ ਪੰਜਾਬ ਦੀ ਝੋਲੀ ਚਾਰ ਤਗ਼ਮੇ ਪਏ ਅਤੇ ਉਨ੍ਹਾਂ ਵਿੱਚੋਂ ਇਕ ਸਿਮਰਨਜੀਤ ਕੌਰ ਦਾ ਸੀ। ਸਿਮਰਨਜੀਤ ਕੌਰ ਧੰਜਲ ਨੇ ਇਸ ਚੈਂਪੀਅਨਸ਼ਿਪ ਵਿੱਚ ਪੰਜਾਬ ਵਲੋਂ ਭਾਗ ਲਿਆ ਅਤੇ ਪੰਜਾਬ ਦਾ ਮਾਣ ਵਧਾਇਆ।
ਪਿੰਡ ਪਰਤਣ ’ਤੇ ਸਿਮਰਨਜੀਤ ਕੌਰ ਦਾ ਪਿੰਡ ਵਾਸੀਆਂ ਨੇ ਪਹਿਲਾਂ ਭਰਵਾਂ ਸਵਾਗਤ ਕੀਤਾ। ਇਸ ਮੌਕੇ ਪ੍ਰਿੰ. ਬਲਵੰਤ ਸਿੰਘ ਸੰਧੂ, ਪ੍ਰਿੰ. ਸਤਨਾਮ ਸਿੰਘ ਸੰਧੂ ਅਤੇ ਪੰਚਾਇਤ ਮੈਂਬਰ ਸੁਖਜਿੰਦਰ ਸਿੰਘ ਸਿੱਧੂ ਨੇ ਸਿਮਰਨਜੀਤ ਕੌਰ ਨੂੰ ਮੁਬਾਰਕਵਾਦ ਦਿੰਦਿਆਂ ਹੌਸਲਾ ਵਧਾਇਆ ਤੇ ਚਕਰ ਦੇ ਬਾਕਸਿੰਗ ਕੋਚਾਂ ਕਰਨਦੀਪ ਸਿੰਘ ਸੰਧੂ ਤੇ ਸੰਦੀਪ ਸਿੰਘ ਦਾ ਵਿਸ਼ੇਸ਼ ਧੰਨਵਾਦ ਕੀਤਾ। ਸਿਮਰਨਜੀਤ ਕੌਰ ਦੀ ਇਸ ਪ੍ਰਾਪਤੀ ’ਤੇ ਉੱਘੇ ਖੇਡ ਲੇਖਕ ਪ੍ਰਿੰ. ਸਰਵਣ ਸਿੰਘ, ਸਾਬਕਾ ਡੀਆਈਜੀ ਗੁਰਪ੍ਰੀਤ ਸਿੰਘ ਤੂਰ, ਜਗਦੀਪ ਸਿੰਘ ਘੁੰਮਣ, ਰੁਪਿੰਦਰ ਸਿੰਘ ਸਿੱਧੂ ਅਮਰੀਕਾ, ਕਬੱਡੀ ਖਿਡਾਰੀ ਕਾਕਾ ਚਕਰ ਕੈਨੇਡਾ, ਜਗਜੀਤ ਸਿੰਘ ਮੱਲ੍ਹਾ, ਜੋਗਾ ਸਿੰਘ ਆਸਟਰੇਲੀਆ, ਖੇਡ ਪ੍ਰਮੋਟਰ ਜੱਗਾ ਯੂਕੇ ਨੇ ਵੀ ਵਧਾਈ ਦਿੱਤੀ। ਇਸ ਮੌਕੇ ਝਲਮਨ ਸਿੰਘ, ਸੁਖਜਿੰਦਰ ਸਿੰਘ ਸਿੱਧੂ, ਗੁਰਮੇਲ ਸਿੰਘ, ਗੁਰਮੀਤ ਦਾਸ, ਪਰਮਜੀਤ ਸਿੰਘ (ਸਾਰੇ ਪੰਚ), ਪ੍ਰਿੰ. ਸਤਨਾਮ ਸਿੰਘ ਸੰਧੂ, ਮਾ. ਭੁਪਿੰਦਰ ਸਿੰਘ, ਊਧਮ ਸਿੰਘ ਸੰਧੂ, ਤਜਿੰਦਰ ਸਿੰਘ ਸੰਧੂ, ਪ੍ਰਿੰ. ਬਲਵੰਤ ਸਿੰਘ ਸੰਧੂ, ਕਬੱਡੀ ਖਿਡਾਰੀ ਬੂਟਾ ਸਿੰਘ, ਕਬੱਡੀ ਕੋਚ ਕਾਲਾ ਹਠੂਰ, ਸ਼ਿੰਦਰਪਾਲ ਕੌਰ ਅਤੇ ਵੱਡੀ ਗਿਣਤੀ ਵਿੱਚ ਖਿਡਾਰੀ ਹਾਜ਼ਰ ਸਨ।