ਪੁਸਤਕ ‘ਸੁਪਨਿਆਂ ਦਾ ਘਰ ਦੇ ਬਾਨੀ ਗੁਰਪ੍ਰੀਤ ਸਿੰਘ’ ਰਿਲੀਜ਼
ਲੁਧਿਆਣਾ, 23 ਫਰਵਰੀ
ਗਿਆਨ ਅੰਜਨ ਅਕਾਦਮੀ ਵੱਲੋਂ ਅੱਜ ਇਥੇ ਸਾਹਿਤਕ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਪਿਛਲੇ ਕਈ ਸਾਲਾਂ ਤੋਂ ਲਾਚਾਰ, ਬੇਸਹਾਰਾ ਅਤੇ ਦੁਖੀਆਂ ਦੀ ਸੇਵਾ ਕਰਨ ਵਾਲੀ ਸ਼ਖ਼ਸੀਅਤਾਂ ਦੇ ਨਾਂ ’ਤੇ ਡਾ. ਕੁਲਵਿੰਦਰ ਕੌਰ ਮਿਨਹਾਸ ਦੀ ਪੁਸਤਕ ‘ਸੁਪਨਿਆਂ ਦਾ ਘਰ ਦੇ ਬਾਨੀ ਗੁਰਪ੍ਰੀਤ ਸਿੰਘ’ ਰਿਲੀਜ਼ ਕੀਤੀ ਗਈ। ਸਮਾਗਮ ਵਿੱਚ ਮੁੱਖ ਮਹਿਮਾਨ ਵਾਤਾਵਰਨ ਪ੍ਰੇਮੀ ’ਤੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਪਹੁੰਚੇ।
ਪੁਸਤਕ ਬਾਰੇ ਪ੍ਰਿੰਸੀਪਲ ਕ੍ਰਿਸ਼ਨ ਸਿੰਘ ਦਾ ਲਿਖਿਆ ਗਿਆ ਪੇਪਰ ਇੰਜਨੀਅਰ ਦਵਿੰਦਰ ਮੋਹਨ ਸਿੰਘ ਨੇ ਪੜ੍ਹਦਿਆਂ ਕਿਹਾ ਕਿ ਕਿਤਾਬ ਦੇ ਆਖਰੀ ਤਿੰਨ ਅਧਿਆਇਆਂ ਦਾ ਸਾਡੇ ਸਮਾਜ ਦੇ ਬੁੱਧੀਜੀਵੀਆਂ/ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਅਤੇ ਸਰਕਾਰ ਦੇ ਨੁਮਾਇੰਦਿਆਂ ਵਿਸ਼ੇਸ਼ ਕਰਕੇ ਇਲਾਕੇ ਦੇ ਚੁਣੇ ਗਏ ਸਿਆਸੀ ਨੇਤਾਵਾਂ ਨੂੰ ਨਿੱਠ ਕੇ ਅਧਿਐਨ ਕਰਨ ਦੀ ਲੋੜ ਹੈ।
ਡਾ. ਮਹਿੰਦਰ ਕੌਰ ਗਰੇਵਾਲ ਨੇ ਕਿਹਾ ਕਿ ਡਾ. ਮਿਨਹਾਸ ਨੇ ਸੁਪਨਿਆਂ ਦੇ ਘਰ ਨਾਲ ਸਬੰਧਤ ਜਿਸ ਕਿਸਮ ਦੇ ਦੁੱਖਦਾਇਕ ਦ੍ਰਿਸ਼ ਪੇਸ਼ ਕੀਤੇ ਹਨ ਉਨ੍ਹਾਂ ਨੂੰ ਸ਼ਬਦਾਂ ਦਾ ਜਾਮਾ ਪਹਿਨਾਉਣਾ ਵੀ ਓਨਾ ਹੀ ਔਖਾ ਹੈ। ਸੰਤ ਸੀਚੇਵਾਲ ਨੇ ਕਿਹਾ ਕਿ ਸਾਨੂੰ ਪੂਰਨ ਵਿਸ਼ਵਾਸ ਹੈ ਕਿ ਡਾ. ਮਿਨਹਾਸ ਦੀ ਇਹ ਕਿਤਾਬ ਪੰਜਾਬੀ ਪਾਠਕਾਂ ਲਈ ਪ੍ਰੇਰਣਾ ਦਾ ਸ੍ਰੋਤ ਬਣੇਗੀ। ਗੁਰਪ੍ਰੀਤ ਸਿੰਘ ਨੇ ਇਹ ਕਿਤਾਬ ਲਿਖਣ ’ਤੇ ਦਿਲ ਦੀਆਂ ਗਹਿਰਾਈ ਤੋਂ ਡਾ. ਮਿਨਹਾਸ ਦਾ ਧੰਨਵਾਦ ਕੀਤਾ।