ਪੰਜਾਬੀ ਭਵਨ ’ਚ ਪੁਸਤਕ ਮੇਲਾ ਤੇ ਸਾਹਿਤ ਉਤਸਵ 22 ਤੋਂ
‘ਸੁਪਨਾ ਸੂਰਜ ਦਾ’, ‘ਇੱਕ ਸੀ ਜਲਪਰੀ’, ‘ਘਰ ਘਰ’ ਨਾਟਕਾਂ ਦਾ ਹੋਵੇਗਾ ਮੰਚਨ
ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵਲੋਂ ਪੁਸਤਕ ਸਭਿਆਚਾਰ ਨੂੰ ਵਿਕਸਤ ਕਰਨ ਲਈ ਹਰ ਸਾਲ ਪੁਸਤਕ ਮੇਲਾ ਅਤੇ ਸਾਹਿਤ ਉਤਸਵ ਕਰਵਾਇਆ ਜਾਂਦਾ ਹੈ। ਇਸ ਵਾਰ ਪੁਸਤਕ ਮੇਲਾ ਅਤੇ ਸਾਹਿਤ ਉਤਸਵ ਭਾਸ਼ਾ ਵਿਭਾਗ ਪੰਜਾਬ ਅਤੇ ਪੰਜਾਬ ਸੰਗੀਤ ਨਾਟਕ ਅਕਾਦਮੀ, ਚੰਡੀਗੜ੍ਹ ਦੇ ਸਹਿਯੋਗ ਨਾਲ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ 22 ਤੋਂ 25 ਨਵੰਬਰ ਤੱਕ ਪੰਜਾਬੀ ਭਵਨ, ਲੁਧਿਆਣਾ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਪੰਜਾਬੀ ਦੇ ਪ੍ਰਕਾਸ਼ਕ, ਪੁਸਤਕ ਵਿਕਰੇਤਾ ਵੱਡੀ ਗਿਣਤੀ ਵਿਚ ਸ਼ਾਮਲ ਹੋ ਰਹੇ ਹਨ।
ਅਕਾਡਮੀ ਦੇ ਪ੍ਰਧਾਨ ਡਾ. ਸਰਬਜੀਤ ਸਿੰਘ ਨੇ ਕਿਹਾ ਕਿ ਇਸ ਚਾਰ ਰੋਜ਼ਾ ਪੁਸਤਕ ਮੇਲੇ ਵਿਚ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਨਾਲ ਨਾਲ ਵਿਭਿੰਨ ਸਾਹਿਤਕ ਸਰਗਰਮੀਆਂ ਉਲੀਕੀਆਂ ਗਈਆਂ ਹਨ। ਇਸ ਦੌਰਾਨ ਪੰਜਾਬੀ ਭਵਨ, ਲੁਧਿਆਣਾ ਦੇ ਬਲਰਾਜ ਸਾਹਨੀ ਖੁੱਲ੍ਹੇ ਰੰਗਮੰਚ ਵਿਖੇ 22 ਨਵੰਬਰ ਨੂੰ ‘ਸੁਪਨਾ ਸੂਰਜ ਦਾ’ (ਗਾਥਾ-ਏ-ਹਨੇਰ ਨਗਰੀ), 23 ਨਵੰਬਰ ਨੂੰ ਨਾਟਕ ‘ਇੱਕ ਸੀ ਜਲਪਰੀ’, 24 ਨਵੰਬਰ ਨੂੰ ਨਾਟਕ ‘ਘਰ ਘਰ’, 25 ਨਵੰਬਰ ਨੂੰ ਨਾਟਕ ‘ਜੀ ਆਇਆਂ ਨੂੰ’ ਆਦਿ ਨਾਟ-ਮੰਚਨ ਕੀਤੇੇ ਜਾਣਗੇ।
ਜਨਰਲ ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ ਨੇ ਕਿਹਾ ਕਿ ਪਹਿਲੇ ਦਿਨ 22 ਨਵੰਬਰ ਨੂੰ ਉਦਘਾਟਨੀ ਸੈਸ਼ਨ ਦੀ ਪ੍ਰਧਾਨਗੀ ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ ਕਰਨਗੇ ਅਤੇ ਮੁੱਖ ਮਹਿਮਾਨ ਵਜੋਂ ਪੀ ਏ ਯੂ ਦੇ ਉਪ ਕੁਲਪਤੀ ਡਾ. ਸਤਿਬੀਰ ਸਿੰਘ ਗੋਸਲ ਸ਼ਾਮਲ ਹੋਣਗੇ। ਲੁਧਿਆਣਾ ਦੀ ਮੇਅਰ ਪ੍ਰਿੰ. ਇੰਦਰਜੀਤ ਕੌਰ ਪੁਸਤਕ ਮੇਲੇ ਦਾ ਉਦਘਾਟਨ ਕਰਨਗੇ। ਸਾਬਕਾ ਆਈਏਐਸ ਅਧਿਕਾਰੀ ਜੰਗ ਬਹਾਦਰ ਗੋਇਲ ‘ਆਓ ਸ਼ਬਦਾਂ ਸੰਗ ਦੋਸਤੀ ਕਰੀਏ’ ਵਿਸ਼ੇ ’ਤੇ ਭਾਸ਼ਣ ਦੇਣਗੇ।

