ਖੰਨਾ ’ਚ ਬਜ਼ੁਰਗ ਦੀ ਲਾਸ਼ ਮਿਲੀ
ਨਿੱਜੀ ਪੱਤਰ ਪ੍ਰੇਰਕ
ਖੰਨਾ, 16 ਜੂਨ
ਇਥੋਂ ਦੇ ਸਮਰਾਲਾ ਰੋਡ ਸਥਿਤ ਗੁਰੂ ਨਾਨਕ ਇਲਾਕੇ ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿਣ ਵਾਲੇ ਬਜ਼ੁਰਗ ਦੀ ਲਾਸ਼ ਬਰਾਮਦ ਹੋਈ ਹੈ। ਮ੍ਰਿਤਕ ਦੀ ਪਛਾਣ ਰਾਜ ਬਹਾਦਰ ਸਿੰਘ (78) ਵਜੋਂ ਹੋਈ ਹੈ। ਜੋ ਮੂਲ ਰੂਪ ਵਿੱਚ ਦੇਹਰਾਦੂਨ ਦਾ ਰਹਿਣ ਵਾਲਾ ਸੀ ਤੇ ਪਿਛਲੇ ਕਈ ਸਾਲਾਂ ਤੋਂ ਖੰਨਾ ਵਿੱਚ ਇੱਕਲਾ ਕਿਰਾਏ ਦੇ ਮਕਾਨ ਵਿੱਚ ਰਹਿ ਰਿਹਾ ਸੀ। ਰਾਜ ਬਹਾਦਰ ਪੇਂਟਰ ਦਾ ਕੰਮ ਕਰਦਾ ਸੀ। ਸਵੇਰੇ ਜਦੋਂ ਮਕਾਨ ਮਾਲਕ ਕਮਰੇ ਵਿੱਚ ਆਇਆ ਤਾਂ ਉਸ ਨੇ ਰਾਜ ਬਹਾਦਰ ਨੂੰ ਫਰਸ਼ ’ਤੇ ਬੇਹੋਸ਼ ਪਿਆ ਦੇਖਿਆ। ਉਸ ਨੂੰ ਤੁਰੰਤ ਸਿਵਲ ਹਸਪਤਾਲ ਲਿਜਾਇਆ ਗਿਆ ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਮਗਰੋਂ ਥਾਣਾ ਸਿਟੀ ਪੁਲੀਸ ਨੂੰ ਸੂਚਿਤ ਕੀਤਾ ਗਿਆ ਜਿਸ ਮਗਰੋਂ ਐੱਸਐੱਚਓ ਵਿਨੋਦ ਕੁਮਾਰ ਨੇ ਆਪਣੀ ਟੀਮ ਸਮੇਤ ਪੁੱਜ ਕੇ ਉਸਦੇ ਕਮਰੇ ਦੀ ਜਾਂਚ ਕੀਤੀ। ਫਿਲਹਾਲ ਪੁਲੀਸ ਨੇ ਲਾਸ਼ ਨੂੰ 72 ਘੰਟਿਆਂ ਲਈ ਸਿਵਲ ਹਸਪਤਾਲ ਦੇ ਮੁਰਦਾਘਰ ਵਿੱਚ ਰਖਵਾ ਦਿੱਤਾ ਹੈ। ਐੱਸਐੱਚਓ ਨੇ ਦੱਸਿਆ ਕਿ ਮ੍ਰਿਤਕ ਦੇ ਰਿਸ਼ਤੇਦਾਰਾਂ ਦਾ ਪਤਾ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਮੌਤ ਦਾ ਸਹੀ ਕਾਰਨ ਪੋਸਟਮਾਰਟਮ ਰਿਪਰੋਟ ਆਉਣ ਬਾਅਦ ਹੀ ਪਤਾ ਲੱਗੇਗਾ।