ਬਲਾਕ ਖੰਨਾ ਇੱਕ ਦੀ ਟੀਮ ਜ਼ਿਲ੍ਹਾ ਪੱਧਰੀ ਪ੍ਰਦਰਸ਼ਨੀ ’ਚ ਦੋਇਮ
ਐਕਟ ਹਿਊਮਨ ਐੱਨਜੀਓ ਵੱਲੋਂ ਪੰਜ ਰੋਜ਼ਾ ਗਾਈਡੈਂਸ ਕੌਂਸਲਿੰਗ ਸਬੰਧੀ ਸੈਮੀਨਾਰ ‘ਸਾਰਥੀ’ ਸਿਰਲੇਖ ਹੇਠ ਜ਼ਿਲ੍ਹਾ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਦੀ ਅਗਵਾਈ ਤੇ ਆਦੇਸ਼ਾਂ ਅਨੁਸਾਰ ਲਗਾਇਆ ਗਿਆ। ਇਸ ਸੈਮੀਨਾਰ ਵਿੱਚ ਜ਼ਿਲ੍ਹਾ ਲੁਧਿਆਣਾ ਦੇ ਸਾਰੇ ਸਰਕਾਰੀ ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਦੇ ਗਾਈਡੈਂਸ ਕੌਂਸਲਰ ਅਧਿਆਪਕਾਂ ਅਤੇ ਸਰਕਾਰੀ ਕਾਲਜਾਂ ਦੇ ਪ੍ਰੋਫੈਸਰ ਸਾਹਿਬਾਨ ਨੇ ਹਿੱਸਾ ਲਿਆ, ਜਿਸ ਵਿੱਚ ਜ਼ਿਲ੍ਹੇ ਦੇ ਕੁੱਲ 343 ਸਕੂਲਾਂ ਦੇ ਗਾਈਡੈਂਸ ਕੌਂਸਲਰ ਅਧਿਆਪਕਾਂ ਦੀਆਂ ਪੰਜ ਮੈਂਬਰੀ 69 ਟੀਮਾਂ ਬਣਾਈਆਂ ਗਈਆਂ।
ਇਸ ਸੈਮੀਨਾਰ ਵਿੱਚ ਸਕੂਲ ਜਾਂ ਕਾਲਜ ਵਿੱਚ ਪੜ੍ਹਾਈ ਕਰਨ ਵਾਲੇ ਵਿਦਿਆਰਥੀਆਂ ਦੇ ਵੱਖ-ਵੱਖ ਖੇਤਰਾਂ ਲਈ ਦਿਲਚਸਪੀ ਅਤੇ ਵਿਹਾਰ ਮੁਤਾਬਕ ਊਨ੍ਹਾਂ ਨੂੰ ਰੁਜ਼ਗਾਰ ਦੇ ਮੌਕੇ ਮੁਹੱਈਆ ਕਰਵਾਉਣ ਲਈ ਇੱਕ ਗਾਈਡੈਂਸ ਕੌਂਸਲਰ ਕਿਵੇਂ ਅਗਵਾਈ ਕਰ ਸਕਦਾ ਹੈ। ਏਆਈ, ਫੈਸ਼ਨ, ਕਾਰੋਬਾਰ , ਡਿਜ਼ੀਟਲ ਮਾਰਕੀਟਿੰਗ ਅਤੇ ਗਲੋਬਲ ਅਧਿਐਨ ਦੇ ਭਵਿੱਖ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ। ਵੱਖ-ਵੱਖ ਵਿਸ਼ਿਆਂ ਤੇ ਸਾਰੀਆਂ ਟੀਮਾਂ ਨੇ ਆਪਣੀਆਂ ਪੀਪੀਟੀ ਐਕਟ ਹਿਊਮਨ ਦੀ ਈਮੇਲ ਆਈਡੀ ਤੇ ਭੇਜੀਆਂ, ਜਿਨ੍ਹਾਂ ਵਿੱਚੋਂ ਸੱਤ ਸਕੂਲ ਅਤੇ ਇੱਕ ਕਾਲਜ ਦੀ ਪੀਪੀਟੀ ਨੂੰ ਪ੍ਰਦਰਸ਼ਿਤ ਕਰਨ ਲਈ ਚੁਣਿਆ ਗਿਆ। ਬਲਾਕ ਖੰਨਾ 1 ਦੀ ਟੀਮ ਨੇ ਵੀ ਇਸ ਪ੍ਰਦਰਸ਼ਨੀ ਵਿੱਚ ਆਪਣਾ ਦੂਸਰਾ ਸਥਾਨ ਬਣਾਇਆ, ਜਿਸ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੀਬੀਪੁਰ ਦੇ ਕੌਂਸਲਰ ਸਟੇਟ ਐਵਾਰਡੀ ਅਧਿਆਪਕ ਕੁਲਵਿੰਦਰ ਸਿੰਘ ਗਿੱਲ, ਖੰਨਾ ਦੇ ਮੈਡਮ ਸੁਖਪ੍ਰੀਤ ਕੌਰ, ਜਰਗੜੀ ਦੇ ਨਿਰਭੈ ਸਿੰਘ, ਜਰਗ ਸਕੂਲ (ਲੜਕਿਆ) ਦੇ ਸ਼੍ਰੀਮਤੀ ਸ਼ਿਲਪਾ ਗੋਇਲ ਅਤੇ ਸਰਕਾਰੀ ਕੰਨਿਆ ਹਾਈ ਸਕੂਲ ਜਰਗ ਦੇ ਤਰਵਿੰਦਰ ਕੌਰ ਸ਼ਾਮਲ ਸਨ। ਇਸ ਪ੍ਰਦਰਸ਼ਨੀ ਦੇ ਸਨਮਾਨ ਸਮਾਰੋਹ ਵਿੱਚ ਪੀਏਯੂ ਦੇ ਵਾਈਸ ਚਾਂਸਲਰ ਡਾਕਟਰ ਸਤਬੀਰ ਸਿੰਘ ਗੋਸਲ, ਡੀਸੀ ਲੁਧਿਆਣਾ ਸ੍ਰੀ ਹਿਮਾਂਸ਼ੂ ਜੈਨ, ਏਡੀਸੀ ਅਮਰਜੀਤ ਸਿੰਘ ਬੈਂਸ, ਜ਼ਿਲ੍ਹਾ ਸਿੱਖਿਆ ਅਫਸਰ (ਸ) ਡਿੰਪਲ ਮਦਾਨ, ਜੀਵਨਜੋਤ ਸਿੰਘ ਪੀਸੀਐਸ, ਐਨਜੀਓ ਹਿਊਮਨ ਐਕਟ ਦੇ ਫਾਉਂਡਰ ਹਰਲੀਨ ਕੌਰ ਅਤੇ ਜ਼ਿਲ੍ਹਾ ਗਾਈਡੈਂਸ ਕੌਂਸਲਰ ਗੁਰ ਕਿਰਪਾਲ ਸਿੰਘ, ਜ਼ਿਲ੍ਹਾ ਲੁਧਿਆਣਾ ਦੇ ਸਾਰੇ ਬਲਾਕਾਂ ਦੇ ਕੌਂਸਲਰ ਵੀ ਹਾਜ਼ਰ ਸਨ।