ਨੇੜਲੇ ਪਿੰਡ ਕਾਉਂਕੇ ਕਲਾਂ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੀ ਇਕੱਤਰਤਾ ਅੱਜ ਜ਼ਿਲ੍ਹਾ ਸਕੱਤਰ ਇੰਦਰਜੀਤ ਧਾਲੀਵਾਲ ਦੀ ਅਗਵਾਈ ਹੇਠ ਹੋਈ। ਇਨਕਲਾਬੀ ਕੇਂਦਰ ਪੰਜਾਬ ਦੇ ਆਗੂ ਕੰਵਲਜੀਤ ਖੰਨਾ ਨੇ ਇਸ ਸਮੇਂ ਪੰਜਾਬ ਸਰਕਾਰ ਵਲੋਂ ਲਿਆਂਦੀ ਲੈਂਡ ਪੂਲਿੰਗ ਨੀਤੀ ਦਾ ਵਿਸ਼ਲੇਸ਼ਣ ਕਰਦਿਆਂ ਇਸ ਖ਼ਿਲਾਫ਼ ਚੱਲ ਰਹੇ ਸੰਘਰਸ਼ ਦਾ ਸਮਰਥਨ ਕੀਤਾ। ਉਨ੍ਹਾਂ ਦੱਸਿਆ ਕਿ ਜਿਵੇਂ ਪੰਜਾਬ ਦਾ ਕਿਸਾਨ ਜ਼ਮੀਨਾਂ ਬਚਾਉਣ ਲਈ ਲੜ ਰਿਹਾ ਹੈ ਉਵੇਂ ਹੀ ਝਾਰਖੰਡ, ਤਿਲੰਗਾਨਾ, ਛੱਤੀਸਗੜ੍ਹ ਦਾ ਆਦਿਵਾਸੀ ਕਿਸਾਨ ਵਰ੍ਹਿਆਂ ਤੋ ਮਾਓਵਾਦੀ ਪਾਰਟੀ ਦੀ ਅਗਵਾਈ ਵਿੱਚ ਆਪਣੀ ਜਲ, ਜੰਗਲ, ਜ਼ਮੀਨ ਬਚਾਉਣ ਲਈ ਜਾਨ ਤਲੀ ’ਤੇ ਰੱਖ ਕੇ ਲੜ ਰਿਹਾ ਹੈ। ਅਪਰੇਸ਼ਨ ਕਗਾਰ ਹੇਠ ਪਿੰਡਾਂ ਦੇ ਪਿੰਡ ਉਜਾੜੇ ਜਾ ਰਹੇ ਹਨ, ਵਿਦੇਸ਼ੀ ਦੁਸ਼ਮਣਾਂ ਵਾਂਗ ਡਰੋਨ ਹਮਲੇ ਕੀਤੇ ਜਾ ਰਹੇ ਹਨ, ਹਜ਼ਾਰਾਂ ਆਦਿਵਾਸੀ ਕਿਸਾਨ ਜੇਲ੍ਹਾਂ ਵਿੱਚ ਸੁੱਟੇ ਹੋਏ ਹਨ। ਜੰਗਲਾਂ ਵਿੱਚ ਔਰਤਾਂ ਨਾਲ ਬਲਾਤਕਾਰ ਤੇ ਘਰਾਂ ਦੀ ਲੁੱਟ ਆਮ ਗੱਲ ਹੈ ਤਾਂ ਕਿ ਅਮੀਰ ਖਣਿਜਾਂ ਦੀ ਧਰਤੀ ਕਾਰਪੋਰੇਟਾਂ ਦੇ ਹਵਾਲੇ ਕੀਤੀ ਜਾ ਸਕੇ।
ਉਨ੍ਹਾਂ ਦੱਸਿਆ ਔਰਤ ਮੁਕਤੀ ਦਾ ਪ੍ਰਤੀਕ ਬਣੀ ਮਹਿਲ ਕਲਾਂ ਪਿੰਡ ਦੀ 17 ਸਾਲਾ ਧੀ ਕਿਰਨਜੀਤ ਦੀ ਯਾਦ ਵਿੱਚ ਅਤੇ ਔਰਤਾਂ ’ਤੇ ਹੋ ਰਹੇ ਜਬਰ ਵਿੱਚ ਬੇਇੰਤਹਾ ਵਾਧੇ ਖ਼ਿਲਾਫ਼ 12 ਅਗਸਤ ਨੂੰ ਮਹਿਲ ਕਲਾਂ ਦਾਣਾ ਮੰਡੀ ਵਿੱਚ ਔਰਤ ਮੁਕਤੀ ਦੇ ਸਵਾਲ ’ਤੇ ਯਾਦਗਾਰੀ ਸਮਾਗਮ ਕੀਤਾ ਜਾ ਰਿਹਾ ਹੈ ਜਿਸ ਵਿੱਚ ਔਰਤ ਵਰਗ ਵੱਡੀ ਗਿਣਤੀ ਵਿੱਚ ਭਾਗ ਲਵੇਗਾ। ਸਮਾਗਮ ਨੂੰ ਔਰਤ ਹੱਕਾਂ ਲਈ ਸੰਘਰਸ਼ਸ਼ੀਲ ਆਗੂ ਕਵਿਤਾ ਕ੍ਰਿਸ਼ਨਨ, ਐਡਵੋਕੇਟ ਅਮਨਦੀਪ ਕੌਰ ਸੰਬੋਧਨ ਕਰਨਗੇ। ਪਿੰਡ ਇਕਾਈ ਦੇ ਪ੍ਰਧਾਨ ਰਛਪਾਲ ਸਿੰਘ ਕਾਕਾ ਅਤੇ ਕੁਲਦੀਪ ਸਿੰਘ ਕੀਪਾ ਨੇ ਪਿੰਡ ਵਿੱਚੋਂ ਇਨ੍ਹਾਂ ਦੋਹਾਂ ਸਮਾਗਮਾਂ ਵਿੱਚ ਵੱਡੇ ਜਥੇ ਲਿਜਾਣ ਦਾ ਭਰੋਸਾ ਦਿੱਤਾ। ਇਸ ਸਮੇਂ ਮਾਸਟਰ ਸੁਰਜੀਤ ਦੌਧਰ, ਕੁੰਡਾ ਸਿੰਘ, ਪ੍ਰੀਤਮ ਸਿੰਘ, ਭਜਨ ਸਿੰਘ, ਕੁਲਵੰਤ ਸਿੰਘ ਤੇ ਹੋਰ ਕਮੇਟੀ ਮੈਂਬਰ ਹਾਜ਼ਰ ਸਨ।