ਨਿੱਜੀ ਪੱਤਰ ਪ੍ਰੇਰਕ
ਮੁੱਲਾਂਪੁਰ ਦਾਖਾ, 28 ਜੂਨ
ਭਾਜਪਾ ਵੱਲੋਂ ਸੂਬੇ ਭਰ ਵਿੱਚ ਸ਼ੁਰੂ ਕੀਤੀ ਗਈ ‘ਭਾਜਪਾ ਦੇ ਸੇਵਾਦਾਰ ਤੁਹਾਡੇ ਦੁਆਰ’ ਮੁਹਿੰਮ ਤਹਿਤ ਵਿਸ਼ੇਸ ਕੈਂਪ ਵਿਧਾਨ ਸਭਾ ਹਲਕਾ ਦਾਖਾ ਦੇ ਪਿੰਡ ਸਰਾਭਾ ਵਿੱਚ ਸ਼ਹੀਦ ਕਰਤਾਰ ਸਿੰਘ ਸਰਾਭਾ ਨੂੰ ਸਰਧਾਂਜਲੀ ਦੇ ਕੇ ਸ਼ੁਰੂ ਕੀਤਾ। ਲੋਕਾਂ ਨੂੰ ਮੋਦੀ ਸਰਕਾਰ ਦੀਆਂ ਯੋਜਨਾਵਾਂ ਦਾ ਲਾਭ ਪਹੁੰਚਾਉਣ ਲਈ ਇਹ ਵਿਸ਼ੇਸ ਕੈਂਪ ਲਗਾਇਆ ਗਿਆ। ਇਹ ਕੈਂਪ ਸਾਬਕਾ ਸਰਪੰਚ ਪਰਮਜੀਤ ਸਿੰਘ ਟੂਸਾ, ਕੈਂਪ ਇੰਚਾਰਜ ਮੇਜਰ ਸਿੰਘ ਦੇਤਵਾਲ ਅਤੇ ਸੁਸ਼ੀਲ ਚੌਧਰੀ ਦੀ ਪ੍ਰਧਾਨਗੀ ਹੇਠ ਲਗਾਇਆ ਗਿਆ। ਇਸ ਮੌਕੇ ਭਾਜਪਾ ਜ਼ਿਲ੍ਹਾ ਪ੍ਰਧਾਨ ਕਰਨਲ ਇੰਦਰਪਾਲ ਸਿੰਘ ਧਾਲੀਵਾਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸਬਕਾ ਸਾਥ, ਸਬਕਾ ਵਿਕਾਸ ਅਤੇ ਸਬਕਾ ਵਿਸ਼ਵਾਸ ਦਾ ਨਾਅਰਾ ਦੁਹਰਾਇਆ। ਉਨ੍ਹਾਂ ਕਿਹਾ ਕਿ ਪੰਜਾਬ ਭਾਜਪਾ ਨੇ ਇਹ ਮੁਹਿੰਮ ਇਸ ਲਈ ਸ਼ੁਰੂ ਕੀਤੀ ਹੈ ਤਾਂ ਜੋ ਉਹ ਲੋਕ ਜਿਹੜੇ ਸੇਵਾ ਕੇਂਦਰਾਂ ਤਕ ਨਹੀਂ ਪਹੁੰਚ ਸਕਦੇ ਅਤੇ ਸਿਆਸੀ ਕਿੜਬਾਜੀ ਦਾ ਸ਼ਿਕਾਰ ਹਨ ਉਹ ਭਾਜਪਾ ਦੀ ਇਸ ਮੁਹਿੰਮ ਤਹਿਤ ਲਾਏ ਕੈਂਪ ਦੌਰਾਨ ਸਰਕਾਰੀ ਯੋਜਨਾਵਾਂ ਦਾ ਲਾਹਾ ਲੈ ਸਕਣ।
ਉਨ੍ਹਾਂ ਕਿਹਾ ਕਿ ਕਤਾਰ ਦੇ ਅਖੀਰ ਵਿੱਚ ਖੜ੍ਹੇ ਵਿਅਕਤੀ ਨੂੰ ਵੀ ਯੋਜਨਾਵਾਂ ਦਾ ਬਰਾਬਰ ਲਾਭ ਪਹੁੰਚਾਉਣਾ ਇਸ ਦਾ ਮਕਸਦ ਹੈ। ਕੈਂਪ ਵਿੱਚ ਲੋਕਾਂ ਨੂੰ ਕੇਂਦਰ ਸਰਕਾਰ ਦੀਆਂ ਯੋਜਨਾਵਾਂ ਬਾਰੇ ਜਾਗਰੂਕ ਕੀਤਾ ਗਿਆ। ਉਨ੍ਹਾਂ ਦੇ ਵੱਖ-ਵੱਖ ਸਕੀਮਾਂ ਲਈ ਫਾਰਮ ਭਰੇ ਗਏ ਅਤੇ ਕਾਰਡ ਵੀ ਬਣਾਏ ਗਏ। ਇਸ ਸਮੇਂ ਦੌਰਾਨ ਪੰਜ ਲੱਖ ਰੁਪਏ ਤਕ ਦੇ ਮੁਫ਼ਤ ਇਲਾਜ ਲਈ ਆਯੁਸ਼ਮਾਨ ਕਾਰਡ, ਕਿਸਾਨ ਸਨਮਾਨ ਨਿਧੀ, ਪ੍ਰਧਾਨ ਮੰਤਰੀ ਆਵਾਸ ਯੋਜਨਾ, ਈ-ਐਸਐਮਐਸ ਕਾਰਡ, ਪ੍ਰਧਾਨ ਮੰਤਰੀ ਵਿਸ਼ਵਕਰਮਾ ਯੋਜਨਾ, ਪੈਨਸ਼ਨ, ਪ੍ਰਧਾਨ ਮੰਤਰੀ ਸੂਰਜ ਘਰ ਮੁਫ਼ਤ ਬਿਜਲੀ ਯੋਜਨਾ, ਟੂਲ ਕਿੱਟ ਵੰਡ ਪ੍ਰੋਗਰਾਮ ਅਤੇ ਕਾਰਡ ਬਣਾਏ ਗਏ। ਉਨ੍ਹਾਂ ਕਿਹਾ ਕਿ ਇਹ ਸਾਰੇ ਕੰਮ ਪੰਜਾਬ ਭਾਜਪਾ ਵਲੋਂ ਬਿਲਕੁਲ ਮੁਫ਼ਤ ਕੀਤੇ ਜਾ ਰਹੇ ਹਨ ਤਾਂ ਜੋ ਵੱਧ ਤੋਂ ਵੱਧ ਲੋਕ ਕੇਂਦਰ ਸਰਕਾਰ ਦੀਆਂ ਸਕੀਮਾਂ ਦਾ ਲਾਭ ਲੈ ਸਕਣ। ਉਨ੍ਹਾਂ ਹਲਕਾ ਦਾਖਾ ਦੇ ਵਸਨੀਕਾਂ ਨੂੰ ਅਪੀਲ ਕੀਤੀ ਕਿ ਉਹ ਆਪੋ ਆਪਣੇ ਪਿੰਡ ਵਿੱਚ ਇਹ ਕੈਂਪ ਲਵਾਉਣ ਦਾ ਉਪਰਾਲਾ ਕਰਨ। ਇਸ ਮੌਕੇ ਮੇਜਰ ਸਿੰਘ ਦੇਤਵਾਲ, ਰੋਹਿਤ ਅਗਰਵਾਲ, ਗੁਰਜੀਤ ਕੌਰ ਗਾਲਿਬ, ਅੰਬੂਰਾਮ, ਸ਼ਕਤੀ ਸ਼ਰਮਾ, ਮਨਦੀਪ ਸਿੰਘ ਹਿੱਸੋਵਾਲ, ਰਵਿੰਦਰ ਕੁਮਾਰ, ਜਗਜੀਵਨ ਸਿੰਘ ਰਕਬਾ, ਬਲਰਾਜ ਸਿੰਘ, ਮਹਿੰਦਰ ਦੇਵ ਤੇ ਹੋਰ ਭਾਜਪਾ ਵਰਕਰ ਹਾਜ਼ਰ ਸਨ।