ਨਗਰ ਨਿਗਮ ਜ਼ੋਨ-ਡੀ ਦਫ਼ਤਰ ਵਿੱਚ ਮੇਅਰ ਪ੍ਰਿੰਸੀਪਲ ਇੰਦਰਜੀਤ ਕੌਰ ਨੂੰ ਮਿਲਣ ਆਏ ਭਾਜਪਾ ਕੌਂਸਲਰਾਂ ਅਤੇ ਸਮਰਥਕਾਂ ਵਿਚਕਾਰ ਹੋਏ ਹੰਗਾਮੇ ਤੋਂ ਬਾਅਦ ਮੇਅਰ ਦਫ਼ਤਰ ਦੇ ਇੱਕ ਮੁਲਾਜ਼ਮ ਦੀ ਸ਼ਿਕਾਇਤ ’ਤੇ ਥਾਣਾ ਡਿਵੀਜ਼ਨ ਨੰਬਰ 5 ਦੀ ਪੁਲੀਸ ਨੇ 5 ਭਾਜਪਾ ਕੌਂਸਲਰਾਂ ਸਮੇਤ 25 ਜਣਿਆਂ ਖ਼ਿਲਾਫ਼ ਵੱਖ ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ।
ਮੇਅਰ ਦਫ਼ਤਰ ਦੇ ਮੁਲਾਜ਼ਮ ਸੁਦਾਗਰ ਸਿੰਘ ਵੱਲੋਂ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਗਿਆ ਹੈ ਕਿ ਭਾਜਪਾ ਕੌਂਸਲਰ ਅਗਾਊਂ ਸਮਾਂ ਲੈ ਕੇ ਮੇਅਰ ਇੰਦਰਜੀਤ ਕੌਰ ਨੂੰ ਮਿਲਣ ਲਈ ਦਫ਼ਤਰ ਆਏ ਸਨ। ਮੇਅਰ ਨਾਲ ਗੱਲਬਾਤ ਦੌਰਾਨ ਭਾਜਪਾ ਕੌਂਸਲਰਾਂ ਦੀ ਕਿਸੇ ਮੁੱਦੇ ਨੂੰ ਲੈ ਕੇ ਮੇਅਰ ਨਾਲ ਬਹਿਸਬਾਜ਼ੀ ਹੋ ਗਈ ਜਿਸ ’ਤੇ ਉਨ੍ਹਾਂ ਦਫ਼ਤਰ ਵਿੱਚ ਹੰਗਾਮਾ ਸ਼ੁਰੂ ਕਰ ਦਿੱਤਾ। ਉਸ ਨੇ ਸ਼ਿਕਾਇਤ ਵਿੱਚ ਇਹ ਵੀ ਦੋਸ਼ ਲਗਾਇਆ ਹੈ ਕਿ ਜਦੋਂ ਮੇਅਰ ਇੰਦਰਜੀਤ ਕੌਰ ਇੱਕ ਜਨਤਕ ਮੀਟਿੰਗ ਵਿੱਚ ਜਾਣ ਲੱਗੇ ਤਾਂ ਭਾਜਪਾ ਵਫ਼ਦ ਨੇ ਉਨ੍ਹਾਂ ਨੂੰ ਗਲਤ ਤਰੀਕੇ ਨਾਲ ਰੋਕ ਕੇ ਉਨ੍ਹਾਂ ਦੀ ਡਿਊਟੀ ਵਿੱਚ ਵਿਘਨ ਪਾਇਆ। ਥਾਣਾ ਡਿਵੀਜ਼ਨ ਨੰਬਰ ਪੰਜ ਦੇ ਐਸਐਚਓ ਬਿਕਰਮਜੀਤ ਸਿੰਘ ਅਨੁਸਾਰ ਪੁਲੀਸ ਵੱਲੋਂ ਕੌਂਸਲਰ ਕੁਲਵੰਤ ਸਿੰਘ ਕਾਂਤੀ, ਵਿਸ਼ਾਲ ਗੁਲਾਟੀ, ਜਤਿੰਦਰ ਗੋਰਾਇਣ, ਮੁਕੇਸ਼ ਖੱਤਰੀ ਅਤੇ ਗੌਰਵਜੀਤ ਗੋਰਾ ਤੋਂ ਇਲਾਵਾ 20 ਹੋਰ ਅਣਪਛਾਤਿਆਂ ਵਿਰੁੱਧ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਸ ਦੌਰਾਨ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਜਨੀਸ਼ ਧੀਮਾਨ ਨੇ ਕਿਹਾ ਹੈ ਕਿ ਭਾਜਪਾ ਕੌਂਸਲਰ ਲੋਕਾਂ ਨੂੰ ਦਰਪੇਸ਼ ਮੁਸ਼ਕਿਲਾਂ ਬਾਰੇ ਮੇਅਰ ਨੂੰ ਮਿਲਣ ਗਏ ਸਨ ਜਿੱਥੇ ਉਨ੍ਹਾਂ ਜ਼ਿੰਮੇਵਾਰ ਕੌਂਸਲਰਾਂ ਨਾਲ ਗਲਤ ਵਰਤਾਅ ਕੀਤਾ ਅਤੇ ਮਾਮਲਾ ਵਿਗੜ ਗਿਆ। ਉਨ੍ਹਾਂ ਕਿਹਾ ਕਿ ਉਨ੍ਹਾਂ ਸਮੇਤ ਭਾਜਪਾ ਦੀ ਸਮੁੱਚੀ ਜ਼ਿਲ੍ਹਾ ਸੀਨੀਅਰ ਲੀਡਰਸ਼ਿਪ ਧਰਨੇ ’ਤੇ ਬੈਠੀ ਹੋਈ ਹੈ। ਇਸ ਲਈ ਜੇਕਰ ਕੇਸ ਦਰਜ ਕੀਤਾ ਗਿਆ ਹੈ ਤਾਂ ਉਨ੍ਹਾਂ ਵਿਰੁੱਧ ਵੀ ਕੇਸ ਦਰਜ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਭਾਜਪਾ ਅਜਿਹੇ ਕੇਸਾਂ ਤੋਂ ਨਹੀਂ ਡਰਦੀ ਅਤੇ ਲੋਕਾਂ ਲਈ ਲੜਦੀ ਰਹੇਗੀ ਅਤੇ ਕਦੇ ਪਿੱਛੇ ਨਹੀਂ ਹਟੇਗੀ। ਜ਼ਿਕਰਯੋਗ ਹੈ ਕਿ ਪਹਿਲੀ ਅਗਸਤ ਨੂੰ ਭਾਜਪਾ ਦੇ 18 ਕੌਂਸਲਰ ਵਿਕਾਸ ਕਾਰਜਾਂ ਬਾਰੇ ਆਪਣੀਆਂ ਸ਼ਿਕਾਇਤਾਂ ਲੈ ਕੇ ਮੇਅਰ ਦਫ਼ਤਰ ਪਹੁੰਚੇ ਸਨ।
ਮੇਅਰ ਦੇ ਮੁਆਫੀ ਮੰਗਣ ਤੱਕ ਧਰਨਾ ਜਾਰੀ ਰਹੇਗਾ: ਕੌਂਸਲਰ
ਕੌਂਸਲਰਾਂ ਦਾ ਦੋਸ਼ ਸੀ ਕਿ ਬਦਲਾਖੋਰੀ ਦੀ ਨੀਤੀ ਤਹਿਤ ਉਨ੍ਹਾਂ ਦੇ ਵਾਰਡਾਂ ਵਿੱਚ ਕੋਈ ਵੀ ਕੰਮ ਨਹੀਂ ਹੋ ਰਿਹਾ ਅਤੇ ਅਧਿਕਾਰੀ ਮਨਮਾਨੀਆਂ ਕਰ ਰਹੇ ਹਨ। ਇਸ ਦੋਸ਼ ਤੋਂ ਬਾਅਦ ਮੇਅਰ ਇੰਦਰਜੀਤ ਕੌਰ ਭੜਕ ਪਏ ਅਤੇ ਵਿਵਾਦ ਇੰਨਾ ਵੱਧ ਗਿਆ ਕਿ ਕੌਂਸਲਰਾਂ ਦੀ ਬਹਿਸਬਾਜ਼ੀ ਅਤੇ ਨਾਅਰੇਬਾਜ਼ੀ ਦੌਰਾਨ ਦਫ਼ਤਰ ਦੇ ਸੁਰੱਖਿਆ ਮੁਲਾਜ਼ਮਾਂ ਨੇ ਕੌਂਸਲਰਾਂ ਨੂੰ ਦਫ਼ਤਰ ਤੋਂ ਬਾਹਰ ਕੱਢ ਦਿੱਤਾ। ਇਸ ਤੋਂ ਬਾਅਦ ਗੁੱਸੇ ਵਿੱਚ ਆਏ ਭਾਜਪਾ ਕੌਂਸਲਰਾਂ ਨੇ ਦਫ਼ਤਰ ਬਾਹਰ ਅਣਮਿੱਥੇ ਸਮੇਂ ਲਈ ਧਰਨਾ ਲਗਾ ਦਿੱਤਾ ਜੋ ਰਾਤ ਨੂੰ ਵੀ ਜਾਰੀ ਰਿਹਾ। ਇਸ ਦੌਰਾਨ ਧਰਨੇ ਵਿੱਚ ਕੌਂਸਲਰਾਂ ਤੋਂ ਇਲਾਵਾ ਸੀਨੀਅਰ ਆਗੂ ਵੀ ਸ਼ਾਮਲ ਹੋ ਗਏ। ਧਰਨੇ ਦੌਰਾਨ ਉਨ੍ਹਾਂ ਨੇ ਮੰਗ ਕੀਤੀ ਕਿ ਜਦੋਂ ਤੱਕ ਮੇਅਰ ਇੰਦਰਜੀਤ ਕੌਰ ਮੁਆਫ਼ੀ ਨਹੀਂ ਮੰਗਦੇ ਉਨ੍ਹਾਂ ਦਾ ਧਰਨਾ ਜਾਰੀ ਰਹੇਗਾ।