ਭਾਰਤੀ ਜਨਤਾ ਪਾਰਟੀ ਦੀ ਦਿਹਾਤੀ ਇਕਾਈ ਵੱਲੋਂ ਅੱਜ ਹਲਕਾ ਗਿੱਲ ਵਿੱਚ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਪੁਤਲਾ ਫੂਕ ਦੇ ਮੁਜ਼ਾਹਰਾ ਕੀਤਾ ਗਿਆ। ਇਸ ਮੌਕੇ ਭਾਜਪਾ ਕਾਰਕੁਨਾਂ ਨੇ ਵੜਿੰਗ ਵੱਲੋਂ ਸਾਬਕਾ ਕੇਂਦਰੀ ਮੰਤਰੀ ਬੂਟਾ ਸਿੰਘ ਖ਼ਿਲਾਫ਼ ਕੀਤੀ ਟਿੱਪਣੀ ਦੀ ਨਿਖੇਧੀ ਕੀਤੀ। ਭਾਜਪਾ ਐੱਸ ਸੀ ਮੋਰਚਾ ਦੇ ਪ੍ਰਧਾਨ ਕੇ ਪੀ ਰਾਣਾ ਦੀ ਅਗਵਾਈ ਹੇਠ ਹੋਏ ਮੁਜ਼ਾਹਰੇ ਦੌਰਾਨ ਜ਼ਿਲ੍ਹਾ ਦਿਹਾਤੀ ਦੇ ਭਾਜਪਾ ਪ੍ਰਧਾਨ ਗਗਨਦੀਪ ਸਿੰਘ ਸਨੀ ਕੈਂਥ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਇਸ ਮੌਕੇ ਭਾਜਪਾ ਆਗੂਆਂ ਅਤੇ ਵਰਕਰਾਂ ਨੇ ਰਾਜਾ ਵੜਿੰਗ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਰਾਜਾ ਵੜਿੰਗ ਖ਼ਿਲਾਫ਼ ਕਾਰਵਾਈ ਦੀ ਮੰਗ ਨੂੰ ਲੈ ਕੇ ਬੂਟਾ ਸਿੰਘ ਦੀ ਸ਼ਖ਼ਸੀਅਤ ਦਾ ਸਨਮਾਨ ਕਰਨ ਦੀ ਮੰਗ ਕੀਤੀ। ਇਸ ਮੌਕੇ ਗਗਨਦੀਪ ਸਿੰਘ ਸਨੀ ਕੈਂਥ ਨੇ ਕਿਹਾ ਕਿ ਸਾਬਕਾ ਕੇਂਦਰੀ ਗ੍ਰਹਿ ਮੰਤਰੀ ਅਤੇ ਐੱਸ ਸੀ ਭਾਈਚਾਰੇ ਦੇ ਆਗੂ ਬੂਟਾ ਸਿੰਘ ਬਾਰੇ ਰਾਜਾ ਵੜਿੰਗ ਵੱਲੋਂ ਦਿੱਤੇ ਗਏ ਬਿਆਨ ਕਾਰਨ ਪੂਰੇ ਭਾਈਚਾਰੇ ’ਚ ਰੋਸ ਦੀ ਲਹਿਰ ਹੈ। ਉਨ੍ਹਾਂ ਕਿਹਾ ਕਿ ਬੂਟਾ ਸਿੰਘ ਦਾ ਅਪਮਾਨ ਸਿਰਫ਼ ਇੱਕ ਵਿਅਕਤੀ ਦਾ ਨਹੀਂ, ਸਗੋਂ ਪੂਰੇ ਭਾਈਚਾਰੇ ਦਾ ਅਪਮਾਨ ਹੈ, ਜਿਸ ਨੂੰ ਭਾਜਪਾ ਕਦੇ ਵੀ ਬਰਦਾਸ਼ਤ ਨਹੀਂ ਕਰੇਗੀ।
ਉਨ੍ਹਾਂ ਐਲਾਨ ਕੀਤਾ ਕਿ ਭਾਰਤੀ ਜਨਤਾ ਪਾਰਟੀ ਹਮੇਸ਼ਾ ਐੱਸ ਸੀ ਭਾਈਚਾਰੇ ਦੀ ਇੱਜ਼ਤ ਅਤੇ ਹੱਕਾਂ ਦੀ ਰੱਖਿਆ ਲਈ ਮਜ਼ਬੂਤੀ ਨਾਲ ਖੜੀ ਰਹੇਗੀ। ਇਸ ਮੌਕੇ ਮੰਡਲ ਪ੍ਰਧਾਨ ਅਮਿਤ ਓਬਰਾਏ, ਮਨਜੀਤ ਮੰਗਲਾ, ਪੁਸ਼ਪਿੰਦਰ ਸਿੰਘ, ਸੁਨੀਲ ਰਿੰਕੂ, ਰੋਹਿਤ ਸ਼ਰਮਾ, ਰਾਜੀਵ ਖੁੱਲਰ, ਮਨੀਸ਼, ਸਰਪੰਚ ਦਿਲਬਾਗ ਸਿੰਘ, ਰਾਕੇਸ਼ ਪਰਾਸ਼ਰ, ਸਰਪੰਚ ਮਦਨ ਰਾਣਾ, ਕ੍ਰਿਸ਼ਨ ਦੁਰੇਜਾ, ਅਨਮੋਲ ਭਾਰਦਵਾਜ, ਸ਼ਿਵ ਰਾਮ ਗੁਪਤਾ, ਸੰਤੋਸ਼ ਵਿੱਜ, ਨਰੇਸ਼ ਭਗਤ ਅਤੇ ਜਸਵਿੰਦਰ ਸਿੰਘ ਵੀ ਹਾਜ਼ਰ ਸਨ।

