ਸਤਲੁਜ ਦਰਿਆ ਵਿੱਚ ਪਾਣੀ ਦਾ ਪੱਧਰ ਲਗਾਤਾਰ ਵੱਧ ਰਿਹਾ ਹੈ ਜਿਸ ਕਾਰਨ ਹਲਕਾ ਗਿੱਲ ਦੇ ਕਈ ਪਿੰਡ ਹੜ੍ਹ ਨਾਲ ਪ੍ਰਭਾਵਿਤ ਹੋ ਰਹੇ ਹਨ। ਖਹਿਰਾ ਬੇਟ ਪਿੰਡ ਵਿੱਚ ਵੀ ਹਾਲਾਤ ਨਾਜ਼ੁਕ ਹਨ। ਇੱਥੇ ਪਿੰਡ ਵਾਸੀ ਆਪਣੇ ਟਰੈਕਟਰ-ਟਰਾਲੀਆਂ ਦੀ ਮਦਦ ਨਾਲ ਠੋਕਰ ਉੱਤੇ ਬੰਨ੍ਹ ਨੂੰ ਮਜ਼ਬੂਤ ਕਰਨ ਲਈ ਦਿਨ ਰਾਤ ਮਿਹਨਤ ਕਰ ਰਹੇ ਹਨ ਤਾਂ ਜੋ ਪਾਣੀ ਨੂੰ ਪਿੰਡਾਂ ਵਿੱਚ ਵੜਣ ਤੋਂ ਰੋਕਿਆ ਜਾ ਸਕੇ।
ਇਸ ਗੰਭੀਰ ਸਥਿਤੀ ਵਿੱਚ ਭਾਜਪਾ ਦਿਹਾਤੀ ਦੇ ਪ੍ਰਧਾਨ ਗਗਨਦੀਪ ਸਿੰਘ ਸਨੀ ਕੈਂਥ ਪਿੰਡ ਖਹਿਰਾ ਬੇਟ ਪਹੁੰਚੇ ਅਤੇ ਉਨ੍ਹਾਂ ਮੌਕੇ ਉੱਤੇ ਹਾਲਾਤਾਂ ਦਾ ਜਾਇਜ਼ਾ ਲਿਆ। ਉਨ੍ਹਾਂ ਠੋਕਰ ਉੱਤੇ ਬੰਨ੍ਹ ਮਜ਼ਬੂਤ ਕਰਨ ਵਿੱਚ ਰੁੱਝੇ ਪਿੰਡ ਵਾਸੀਆਂ ਨਾਲ ਮੁਲਾਕਾਤ ਕਰਕੇ ਹਰ ਸੰਭਵ ਮਦਦ ਦਾ ਭਰੋਸਾ ਦਿਵਾਇਆ। ਇਸ ਮੌਕੇ ਸਨੀ ਕੈਂਥ ਨੇ ਬਾਰਿਸ਼ ਤੋਂ ਬਚਾਅ ਲਈ ਕੰਮ ਕਰ ਰਹੇ ਲੋਕਾਂ ਨੂੰ ਤਰਪਾਲਾਂ ਵੰਡੀਆਂ। ਇਸਦੇ ਨਾਲ ਹੀ ਜਿਹੜੇ ਪਰਿਵਾਰਾਂ ਦੇ ਘਰਾਂ ਦੀਆਂ ਛੱਤਾਂ ਚੋ ਰਹੀਆਂ ਸਨ, ਉਨ੍ਹਾਂ ਨੂੰ ਵੀ ਤੁਰੰਤ ਤਰਪਾਲਾਂ ਮੁਹੱਈਆ ਕਰਵਾਈਆਂ।
ਗਗਨਦੀਪ ਸਿੰਘ ਸਨੀ ਕੈਂਥ ਨੇ ਕਿਹਾ ਕਿ ਹੜ੍ਹ ਵਰਗੇ ਸੰਕਟ ਸਮੇਂ ਪਿੰਡ ਵਾਸੀਆਂ ਨੂੰ ਕਦੇ ਵੀ ਇਕੱਲਾ ਨਹੀਂ ਛੱਡਿਆ ਜਾਵੇਗਾ ਜਦਕਿ ਭਾਜਪਾ ਹਮੇਸ਼ਾਂ ਲੋਕਾਂ ਨਾਲ ਚੱਟਾਨ ਵਾਂਗ ਖੜੀ ਹੈ। ਪਿੰਡ ਵਾਸੀਆਂ ਨੇ ਸਨੀ ਕੈਂਥ ਵੱਲੋਂ ਮਿਲੀ ਮਦਦ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਨਾਲ ਸਾਡਾ ਹੌਸਲਾ ਵਧਿਆ ਹੈ।