ਆਈਪੀਐੱਸ ਅਧਿਕਾਰੀ ਦੀ ਮੌਤ ਲਈ ਭਾਜਪਾ ਜ਼ਿੰਮੇਵਾਰ: ‘ਆਪ’
ਹਰਿਆਣਾ ’ਚ ਭਾਜਪਾ ਦਾ ਦਲਿਤ ਵਿਰੋਧੀ ਚਿਹਤਾ ਸਾਹਮਣੇ ਆਇਆ: ਮਾਣੂੰਕੇ
ਰਾਖਵਾਂ ਹਲਕਾ ਜਗਰਾਉਂ ਤੋਂ ਲਗਾਤਾਰ ਦੂਜੀ ਵਾਰ ਵਿਧਾਇਕ ਚੁਣੇ ਸਰਵਜੀਤ ਕੌਰ ਮਾਣੂੰਕੇ ਨੇ ਭਾਰਤੀ ਜਨਤਾ ਪਾਰਟੀ ’ਤੇ ਦਲਿਤ ਵਿਰੋਧੀ ਹੋਣ ਦਾ ਦੋਸ਼ ਲਾਇਆ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਹਰਿਆਣਾ ਦੇ ਆਈਪੀਐੱਸ ਅਧਿਕਾਰੀ ਵਾਈ ਪੂਰਨ ਕੁਮਾਰ ਦੀ ਮੌਤ ਲਈ ਸਿੱਧੇ ਤੌਰ ’ਤੇ ਭਾਜਪਾ ਨੂੰ ਜ਼ਿੰਮੇਵਾਰ ਮੰਨਦੀ ਹੈ। ਇਸ ਨਾਲ ਹਰਿਆਣਾ ਵਿੱਚ ਭਾਜਪਾ ਦਾ ਦਲਿਤ ਵਿਰੋਧੀ ਚਿਹਰਾ ਵੀ ਨੰਗਾ ਹੋਇਆ ਹੈ। ਇਥੇ ਇਕ ਸਮਾਗਮ ਮਗਰੋਂ ਮੀਡੀਆ ਨਾਲ ਗੱਲਬਾਤ ਸਮੇਂ ਵਿਧਾਇਕਾ ਮਾਣੂੰਕੇ ਨੇ ਆਖਿਆ ਕਿ ਸੀਨੀਅਰ ਆਈਪੀਐੱਸ ਵਾਈ ਪੂਰਨ ਕੁਮਾਰ ਵਲੋਂ ਖੁਦਕੁਸ਼ੀ ਨਹੀਂ ਕੀਤੀ ਗਈ ਬਲਕਿ ਉਸਨੂੰ ਭਾਰਤੀ ਜਨਤਾ ਪਾਰਟੀ ਦੀ ਦਲਿਤ ਵਿਰੋਧੀ ਘਟੀਆ ਮਾਨਸਿਕਤਾ ਨੇ ਕਥਿਤ ਮਰਨ ਲਈ ਮਜਬੂਰ ਕੀਤਾ ਹੈ। ਇਸ ਨਾਲ ਭਾਜਪਾ ਦੀ ਪਰਦੇ ਪਿਛਲੀ ਸੋਚ ਉਜਾਗਰ ਹੋਈ ਹੈ ਕਿਉਂਕਿ ਇਹ ਇਕ ਅਜਿਹੀ ਪਾਰਟੀ ਹੈ ਦਲਿਤ ਵਰਗ ਨੂੰ ਬਰਦਾਸ਼ਤ ਨਹੀਂ ਕਰਦੀ। ਇਸ ਲਈ ਹੁਣ ਦਲਿਤ ਵਰਗ ਕਦੇ ਵੀ ਭਾਜਪਾ ਨੂੰ ਮਾਫ਼ ਨਹੀਂ ਕਰੇਗਾ। ਇਹ ਘਟਨਾ ਭਾਜਪਾ ਸ਼ਾਸਨ ਦੀ ਨਾਕਾਮੀ ਨੂੰ ਬੇਨਕਾਬ ਕਰਦੀ ਹੈ ਜਿੱਥੇ ਦਲਿਤ ਅਧਿਕਾਰੀ ਵੀ ਸੁਰੱਖਿਅਤ ਨਹੀਂ। ਉਨ੍ਹਾਂ ਦੋਸ਼ ਲਾਇਆ ਕਿ ਭਾਜਪਾ ਨੂੰ ਦਲਿਤਾਂ ਦਾ ਉੱਚ ਅਹੁਦੇ ਉੱਪਰ ਚੜ੍ਹਨਾ ਬਰਦਾਸ਼ਤ ਨਹੀਂ ਹੁੰਦਾ। ਜਦੋਂ ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਗਵਈ ਵਰਗੇ ਅਹੁਦੇਦਾਰ ’ਤੇ ਹਮਲਾ ਹੁੰਦਾ ਹੈ ਤਾਂ ਵੀ ਭਾਜਪਾ ਤੇ ਉਸਦੇ ਹਮਾਇਤੀ ਹਮਲਾਵਰਾਂ ਨਾਲ ਖੜ੍ਹਦੇ ਹਨ। ਕੀ ਇਹੀ ਹੈ ਉਨ੍ਹਾਂ ਦਾ 'ਸਭਕਾ ਸਾਥ, ਸਭਕਾ ਵਿਕਾਸ'? ਮਾਣੂੰਕੇ ਨੇ ਕਿਹਾ ਕਿ ਜੇਕਰ ਇਕ ਦਲਿਤ ਆਈਪੀਐੱਸ ਅਧਿਕਾਰੀ ਨੂੰ ਇੰਨਾ ਸ਼ੋਸ਼ਣ ਸਹਿਣਾ ਪਵੇ ਕਿ ਖੁਦਕੁਸ਼ੀ ਵਰਗਾ ਕਦਮ ਚੁੱਕਣ ਲਈ ਮਜਬੂਰ ਹੋ ਜਾਵੇ ਤਾਂ ਸੋਚੋ ਆਮ ਗਰੀਬ ਦਲਿਤਾਂ ਦਾ ਕੀ ਹਾਲ ਹੋਵੇਗਾ। ਭਾਜਪਾ ਦੇ ਰਾਜ ਵਾਲੇ ਸੂਬਿਆਂ ਦੇ ਦਲਿਤ ੦ਤੇ ਅਤਿਆਚਾਰ ਵਾਲੇ ਅੰਕੜੇ ਅਸਮਾਨ ਛੂਹ ਰਹੇ ਹਨ। ਦੇਸ਼ ਅੰਦਰ ਵੀ ਪਿਛਲੇ ਦਸ ਕੁ ਸਾਲਾਂ ਵਿੱਚ ਦਲਿਤਾਂ ਤੇ ਘੱਟ-ਗਿਣਤੀਆਂ ਖ਼ਿਲਾਫ਼ ਅਤਿਆਚਾਰ ਤੇ ਭੇਦਭਾਵ ਬਹੁਤ ਵਧਿਆ ਹੈ। ਇਸ ਪਿੱਛੇ ਭਾਜਪਾ ਤੇ ਆਰਐਸਐਸ ਦੀ ਸੋਚ ਕੰਮ ਕਰਦੀ ਹੈ ਅਤੇ ਇਹ ਸਭ ਕੁਝ ਇਕ ਸੋਚੀ ਸਮਝੀ ਰਣਨੀਤੀ ਤਹਿਤ ਹੋ ਰਿਹਾ ਹੈ। ਇਸ ਮੌਕੇ ਸੀਨੀਅਰ ‘ਆਪ’ ਆਗੂ ਕੁਲਵਿੰਦਰ ਸਿੰਘ ਕਾਲਾ, ਪ੍ਰੋ. ਸੁਖਵਿੰਦਰ ਸਿੰਘ, ਗੁਰਪ੍ਰੀਤ ਨੋਨੀ, ਛਿੰਦਰਪਾਲ ਸਿੰਘ ਤੇ ਹੋਰ ਮੌਜੂਦ ਸਨ।