ਭਾਜਪਾ ਵੱਲੋਂ ਰਾਸ਼ਟਰੀ ਗੀਤ ਦੀ ਵਰ੍ਹੇਗੰਢ ਮੌਕੇ ਸਮਾਗਮ
‘ਵੰਦੇ ਮਾਤਰਮ’ ਸਿਰਫ਼ ਸਿਅਾਸੀ ਨਾਅਰਾ ਨਹੀਂ ਬਲਕਿ ਅਧਿਆਤਮਿਕ ਊਰਜਾ ਹੈ: ਧੀਮਾਨ
ਰਾਸ਼ਟਰੀ ਗੀਤ ‘ਵੰਦੇ ਮਾਤਰਮ’ ਦੀ 150ਵੀਂ ਵਰ੍ਹੇਗੰਢ ਮਨਾਉਣ ਲਈ ਗੁਰੂ ਅਰਜਨ ਦੇਵ ਨਗਰ ਸਥਿਤ ਹੋਲੀ ਪਥ ਸਕੂਲ ਵਿੱਚ ਸਮਾਗਮ ਕਰਵਾਇਆ ਗਿਆ, ਜਿਸ ਦੀ ਪ੍ਰਧਾਨਗੀ ਸਕੂਲ ਦੀ ਡਾਇਰੈਕਟਰ ਅਤੇ ਭਾਜਪਾ ਦੇ ਸੂਬਾਈ ਮਹਿਲਾ ਮੋਰਚਾ ਦੀ ਉਪ-ਪ੍ਰਧਾਨ ਲੀਨਾ ਟਪਾਰੀਆ ਨੇ ਕੀਤੀ ਜਦ ਕਿ ਜ਼ਿਲ੍ਹਾ ਭਾਜਪਾ ਪ੍ਰਧਾਨ ਰਜਨੀਸ਼ ਧੀਮਾਨ, ਭਾਜਪਾ ਦੇ ਸੂਬਾਈ ਕੋਰ ਗਰੁੱਪ ਦੇ ਮੈਂਬਰ ਜੀਵਨ ਗੁਪਤਾ ਅਤੇ ਪ੍ਰਵੀਨ ਬਾਂਸਲ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਸਮਾਗਮ ਦੌਰਾਨ ਬੱਚਿਆਂ ਵੱਲੋਂ ਦੇਸ਼ ਭਗਤੀ ਦਾ ਪ੍ਰੋਗਰਾਮ ਪੇਸ਼ ਕੀਤਾ ਗਿਆ। ਇਸ ਮੌਕੇ ਜ਼ਿਲ੍ਹਾ ਭਾਜਪਾ ਪ੍ਰਧਾਨ ਰਜਨੀਸ਼ ਧੀਮਾਨ ਨੇ ਕਿਹਾ ਕਿ 1875 ਵਿੱਚ ਰਚੇ ਗਏ ਇਸ ਗੀਤ ਨੇ ਨਾ ਸਿਰਫ਼ ਆਜ਼ਾਦੀ ਸੰਗਰਾਮ ਨੂੰ ਮਜ਼ਬੂਤੀ ਦਿੱਤੀ ਸਗੋਂ ਭਾਰਤ ਨੂੰ ਨਵੀਂ ਦਿਸ਼ਾ ਦੇਣ ਵਿੱਚ ਵੀ ਸਫ਼ਲਤਾ ਹਾਸਿਲ ਕੀਤੀ। ਉਨ੍ਹਾਂ ਕਿਹਾ ਕਿ ਵੰਦੇ ਮਾਤਰਮ ਸਿਰਫ਼ ਇੱਕ ਰਾਜਨੀਤਿਕ ਨਾਅਰਾ ਨਹੀਂ ਹੈ, ਸਗੋਂ ਇੱਕ ਅਧਿਆਤਮਿਕ ਊਰਜਾ ਹੈ ਜੋ ਭਾਰਤੀਆਂ ਨੂੰ ਇਕ ਦੂਜੇ ਨਾਲ ਜੋੜਦੀ ਹੈ।
ਇਸ ਮੌਕੇ ਲੀਨਾ ਟਪਾਰੀਆ ਨੇ ਬੱਚਿਆਂ ਅਤੇ ਨੌਜਵਾਨਾਂ ਨੂੰ ਰਾਸ਼ਟਰੀ ਗੀਤ ਦੇ ਇਤਿਹਾਸ ਨੂੰ ਸਿੱਖਣ, ਇਸ ਦੇ ਸ਼ਬਦਾਂ ਦੇ ਅਰਥਾਂ ਨੂੰ ਸਮਝਣ ਅਤੇ ਦੇਸ਼ ਭਗਤੀ ਨੂੰ ਕਰਮ ਵਿੱਚ ਬਦਲਣ ਦੀ ਅਪੀਲ ਕੀਤੀ। ਜੀਵਨ ਗੁਪਤਾ ਨੇ ਕਿਹਾ ਕਿ ਵੰਦੇ ਮਾਤਰਮ ਚੇਤਨਾ ਦਾ ਇੱਕ ਵਾਹਨ ਹੈ। ਇਸ ਮੌਕੇ ਨਰਿੰਦਰ ਸਿੰਘ ਮੱਲੀ, ਯਸ਼ਪਾਲ ਜਨੋਤਰਾ, ਮਹੇਸ਼ ਸ਼ਰਮਾ, ਡਾ. ਨਿਰਮਲ ਨਈਅਰ, ਮਨੀਸ਼ ਚੋਪੜਾ, ਅਸ਼ਵਨੀ ਟੰਡਨ, ਡਾ: ਸਤੀਸ਼ ਕੁਮਾਰ, ਬੁਲਾਰੇ ਸੁਰਿੰਦਰ ਕੌਸ਼ਲ, ਵਿਪਨ ਵਿਨਾਇਕ ਅਤੇ ਸੁਰੇਂਦਰ ਕੌਰ ਆਦਿ ਨੇ ਵੀ ਸ਼ਮੂਲੀਅਤ ਕੀਤੀ।

