ਭਾਰਤੀਯ ਵਾਲਮੀਕਿ ਧਰਮ ਸਮਾਜ (ਭਾਵਾਧਸ) ਨੇ ਅੱਜ ਐੱਮ ਪੀ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਕੀਤੀ ਇਤਰਾਜ਼ਯੋਗ ਟਿੱਪਣੀ ਵਿਰੁੱਧ ਪੁਤਲਾ ਫ਼ੂਕ ਕੇ ਰੋਸ ਮੁਜ਼ਾਹਰਾ ਕੀਤਾ। ਭਾਵਾਧਸ ਦੇ ਮੁੱਖ ਸੰਚਾਲਕ ਅਤੇ ਚੇਅਰਮੈਨ ਦਲਿਤ ਵਿਕਾਸ ਬੋਰਡ ਵਿਜੈ ਦਾਨਵ ਦੀ ਅਗਵਾਈ ਹੇਠ
ਘੰਟਾ ਘਰ ਚੌਕ ਵਿੱਚ ਵਰਕਰਾਂ ਨੇ ਕੁਝ ਸਮੇਂ ਲਈ ਸੜਕ ਜਾਮ ਕਰਕੇ ਪਿੱਟ ਸਿਆਪਾ ਕਰਦਿਆਂ ਨਾਅਰੇਬਾਜ਼ੀ ਵੀ ਕੀਤੀ।
ਇਸ ਮੌਕੇ ਵਿਜੈ ਦਾਨਵ ਨੇ ਦੱਸਿਆ ਕਿ ਬੀਤੇ ਦਿਨੀਂ ਰਾਜਾ ਵੜਿੰਗ ਵੱਲੋਂ ਵਾਲਮੀਕਿ ਭਾਈਚਾਰੇ ਖਿਲਾਫ਼ ਜੋ ਟਿੱਪਣੀ ਕੀਤੀ ਗਈ ਹੈ, ਉਸ ਨਾਲ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ।
ਉਨ੍ਹਾਂ ਦੋਸ਼ ਲਗਾਇਆ ਕਿ ਅੱਜ ਸਮੁੱਚੇ ਦੇਸ਼ ਵਿੱਚ ਲਗਾਤਾਰ ਐੱਸ ਸੀ ਭਾਈਚਾਰੇ ਖ਼ਿਲਾਫ਼ ਜ਼ੁਲਮ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸਵ. ਬੂਟਾ ਸਿੰਘ ਖ਼ਿਲਾਫ਼ ਰੰਗਭੇਦ ਅਤੇ ਉਨ੍ਹਾਂ ਦੇ ਕੰਮ ਨੂੰ ਲੈ ਕੇ ਜੋ ਟਿੱਪਣੀ ਕੀਤੀ ਹੈ ਉਹ ਬਿਲਕੁਲ ਵੀ ਮਾਫ਼ੀਯੋਗ ਨਹੀਂ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਗੁਰੂਆਂ, ਪੀਰਾਂ, ਫ਼ਕੀਰਾਂ ਤੇ ਰਹਿਬਰਾਂ ਦੀ ਧਰਤੀ ਹੈ, ਜਿਨ੍ਹਾਂ ਨੇ ਹਮੇਸ਼ਾਂ ਹੀ ਸਮੁੱਚੀ ਮਾਨਵਤਾ ਨੂੰ ਏਕਤਾ ਦੇ ਧਾਗੇ ਵਿੱਚ ਪਰੋ ਕੇ ਸਰਬ ਸਾਂਝੀ ਏਕਤਾ ਦਾ ਸੰਦੇਸ਼ ਦਿੱਤਾ ਹੈ। ਉਨ੍ਹਾਂ ਐੱਸ ਸੀ ਕਮਿਸ਼ਨ ਤੋਂ ਮੰਗ ਕੀਤੀ ਕਿ ਰਾਜਾ ਵੜਿੰਗ ਖ਼ਿਲਾਫ਼ ਐੱਸ ਸੀ ਐਸ ਟੀ ਐਕਟ ਤਹਿਤ ਕੇਸ ਦਰਜ ਕੀਤਾ ਜਾਵੇ ਅਤੇ ਉਨ੍ਹਾਂ ਨੂੰ ਕਾਂਗਰਸ ਪਾਰਟੀ ਦੀ ਪ੍ਰਧਾਨਗੀ ਦੇ ਅਹੁਦੇ ਤੋਂ ਫ਼ਾਰਗ ਕਰ ਕੇ ਪਾਰਟੀ ਤੋਂ ਬਾਹਰ ਦਾ ਰਸਤਾ ਦਿਖਾਏ। ਇਸ ਮੌਕੇ ਚੌਧਰੀ ਯਸ਼ਪਾਲ, ਸੰਜੈ ਦਿਸ਼ਾਵਰ, ਸਚਿਨ ਧੀਂਗਾਨ, ਸੁਧੀਰ ਧਾਰੀਵਾਲ, ਅਸ਼ੋਕ ਦੈਤਯਾ, ਸੁਰੇਸ਼ ਸ਼ੈਲੀ, ਸੰਜੀਵ ਬੇਗੜਾ, ਸੋਹਣਵੀਰ ਰਣੀਆ, ਅਸ਼ੋਕ ਦਾਨਵ, ਰਾਜੂ ਘਾਵਰੀਆ, ਵਿਜੈ ਚੌਹਾਨ, ਬਨਾਰਸੀ ਲਾਲ, ਕਨੌਜ ਦਾਨਵ, ਅਜੇ ਸਭਰਵਾਲ, ਨੇਹਾ ਚੰਡਾਲਿਆ, ਕਰਮਾ ਟਾਂਕ, ਸੋਨੂੰ ਸੂਦ, ਧਰਮਵੀਰ, ਪੰਮੀ ਆਦਿ ਹਾਜ਼ਰ ਸਨ।

