ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਮੀਟਿੰਗ
ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 14 ਜੁਲਾਈ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਵੱਖ ਵੱਖ ਪਿੰਡਾਂ ਵਿੱਚ ਮੀਟਿੰਗਾਂ ਕਰਕੇ ਲੁਧਿਆਣਾ ਦੇ 32 ਪਿੰਡਾਂ ਦੀ ਲੈਂਡ ਪੂਲਿੰਗ ਨੀਤੀ ਤਹਿਤ 24 ਹਜ਼ਾਰ 311 ਏਕੜ ਜ਼ਮੀਨ ਜਬਰੀ ਅਕੁਵਾਇਰ ਕਰਨ ਦੇ ਵਿਰੋਧ ਵੱਜੋਂ ਕੀਤੇ ਜਾ ਰਹੇ ਸੰਘਰਸ਼ ਸਬੰਧੀ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ।
ਜਥੇਬੰਦੀ ਦੇ ਜ਼ਿਲ੍ਹਾ ਮੀਤ ਪ੍ਰਧਾਨ ਮਨੋਹਰ ਸਿੰਘ ਕਲਾੜ, ਯੁਵਰਾਜ ਸਿੰਘ ਘੁਡਾਣੀ, ਬਲਾਕ ਸਿੱਧਵਾਂ ਬੇਟ ਦੇ ਆਗੂ ਜਸਵੰਤ ਸਿੰਘ ਭੱਟੀਆ ਅਤੇ ਅਮਰੀਕ ਸਿੰਘ ਭੂੰਦੜੀ ਦੀ ਅਗਵਾਈ ਹੇਠ ਪਿੰਡ ਫਾਗਲਾ, ਬਸੈਮੀ, ਬੀਰਮੀ, ਚੰਗਣਾ, ਭੱਟੀਆ ਤੇ ਬੱਗਾ ਵਿੱਚ ਨੁੱਕੜ ਮੀਟਿੰਗਾਂ ਕੀਤੀਆਂ ਗਈਆਂ। ਮੀਟਿੰਗਾਂ ਦੌਰਾਨ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਪੰਜਾਬ ਦੀ ਉਪਜਾਊ ਜ਼ਮੀਨ ਐਕਵਾਇਰ ਕਰਕੇ ਕਾਰਪੋਰੇਟ ਨੂੰ ਦੇਣੀ ਚਾਹੁੰਦੀ ਹੈ ਪਰ ਕਿਸਾਨ ਜਥੇਬੰਦੀਆਂ ਇਸਦੀ ਹਰਗਿਜ਼ ਆਗਿਆ ਨਹੀਂ ਦੇਣਗੀਆਂ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਹਜ਼ਾਰਾਂ ਹੈਕਟੇਅਰ ਜ਼ਮੀਨ ਵੱਖ-ਵੱਖ ਥਾਂਵਾ ਤੇ ਰੋਕੀ ਜਾ ਰਹੀ ਹੈ ਜਿਸ ਦੇ ਬਦਲੇ ਜ਼ਮੀਨ ਮਾਲਕਾਂ ਨੂੰ ਪਲਾਟ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਸਰਕਾਰ ਕਦੋਂ ਕਲੋਨੀ ਬਣਾਏਗੀ ਇਸਦਾ ਕੋਈ ਪਤਾ ਨਹੀ ਪਰ ਜ਼ਮੀਨ ਉਪਰ ਕਬਜ਼ਾ ਕਰ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਸਰਕਾਰ ਦਿ ਇਹ ਫ਼ੈਸਲਾ ਕਿਸਾਨ ਵਿਰੋਧੀ ਫ਼ੈਸਲਾ ਹੈ ਜਿਸ ਨਾਲ ਕਿਸਾਨਾਂ ਦਾ ਉਜਾੜਾ ਹੋਵੇਗਾ ਤੇ ਮਜ਼ਦੂਰ ਵੀ ਵਿਹਲੇ ਹੋ ਜਾਣਗੇ। ਹੋਰ ਤਾਂ ਹੋਰ ਰੁਜ਼ਗਾਰ ਵੀ ਖ਼ਤਮ ਹੋਣਗੇ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਆਪਣੀਆਂ ਜ਼ਮੀਨਾਂ ਬਚਾਉਣ ਲਈ ਆਪਣੇ ਆਪਣੇ ਪਿੰਡ ਦੀਆਂ ਕਮੇਟੀਆ ਬਣਾਕੇ ਆਪਣਾ ਏਕਾ ਮਜ਼ਬੂਤ ਕਰਨਾ ਚਾਹੀਦਾ ਹੈ ਤਾਂ ਜੁ ਇਸ ਹਮਲੇ ਨੂੰ ਰੋਕਿਆ ਜਾ ਸਕੇ।
ਆਗੂਆਂ ਨੇ ਦੱਸਿਆ ਕਿ ਪੀੜ੍ਹਤ ਪਰਿਵਾਰਾਂ ਦੀ ਕਿਸਾਨ ਜਥੇਬੰਦੀਆਂ ਨਾਲ 19 ਜੁਲਾਈ ਨੂੰ ਦਾਖਾ ਵਿੱਖੇ ਬਾਬਾ ਨੱਥੋ ਜੀ ਦੇ ਗੁਰਦੁਆਰਾ ਸਾਹਿਬ (ਈਸੇਵਾਲ ਰੋਡ) ਵਿੱਚ ਮੀਟਿੰਗ ਕੀਤੀ ਜਾ ਰਹੀ ਹੈ ਜਿਸ ਵਿੱਚ ਸੂਬੇ ਦੇ ਆਗੂ ਵੀ ਪਹੁੰਚਣਗੇ।