ਮੁੱਖ ਬਾਜ਼ਾਰਾਂ ਤੇ ਚੌਕਾਂ ਨੂੰ ਛੱਡ ਦੂਰ ਖੜ੍ਹਨ ਲੱਗੇ ਮੰਗਤੇ
ਪਿਛਲੇ ਕੁੱਝ ਸਾਲਾਂ ’ਚ ਲੁਧਿਆਣਾ ਵਿੱਚ ਮੰਗਤਿਆਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋਇਆ ਹੈ। ਸ਼ਹਿਰ ਦੇ ਹਰ ਚੌਂਕ ਅਤੇ ਮੁੱਖ ਬਾਜ਼ਾਰ ਵਿੱਚ ਛੋਟੇ ਬੱਚਿਆਂ ਨੂੰ ਗੋਦੀ ਚੁੱਕੀ ਭੀਖ ਮੰਗਦੀਆਂ ਔਰਤਾਂ ਅਤੇ ਮਰਦ ਆਮ ਘੁੰਮਦੇ ਦੇਖੇ ਜਾ ਸਕਦੇ ਹਨ। ਪ੍ਰਸਾਸ਼ਨ ਵੱਲੋਂ ਬੱਚਿਆਂ ਦੀ ਤਸਕਰੀ ਆਦਿ ਰੋਕਣ ਦੇ ਮਕਸਦ ਨਾਲ ਬੱਚਿਆਂ ਨੂੰ ਚੁੱਕ ਕੇ ਭੀਖ ਮੰਗਣ ਵਾਲਿਆਂ ਦੇ ਡੀਐਨਏ ਟੈਸਟ ਕਰਨ ਦੀ ਮੁਹਿੰਮ ਸ਼ੁਰੂ ਕੀਤੀ ਗਈ ਹੈ। ਇਸ ਤਹਿਤ ਕਈ ਬੱਚਿਆਂ ਅਤੇ ਭਿਖਾਰੀਆਂ ਨੂੰ ਹਿਰਾਸਤ ਵਿੱਚ ਲਿਆ ਜਾ ਚੁੱਕਾ ਹੈ। ਮੁਹਿੰਮ ਤੋਂ ਡਰਦੇ ਕਈ ਮੰਗਤਿਆਂ ਨੇ ਦੂਰ-ਦੁਰਾਡੇ ਇਲਾਕਿਆਂ ਵਿੱਚ ਆਪਣੇ ਡੇਰੇ ਲਾ ਲਏ ਹਨ।
ਇਸ ਮੁਹਿੰਮ ਤੋਂ ਡਰਦੇ ਹੁਣ ਅਜਿਹੇ ਮੰਗਤੇ ਮੁੱਖ ਚੌਕਾਂ ਅਤੇ ਬਾਜ਼ਾਰਾਂ ਤੋਂ ਭੱਜ ਕੇ ਦੂਰ-ਦੁਰਾਡੇ ਇਲਾਕਿਆਂ ਦੇ ਚੌਂਕਾਂ, ਫਲਾਈਓਵਰਾਂ ਦੇ ਥੱਲੇ ਆਪਣਾ ਰੈਣ ਬਸੇਰਾ ਬਣਾ ਰਹੇ ਹਨ। ਇੱਥੋਂ ਦੇ ਸਮਰਾਲਾ ਚੌਕ, ਤਾਜਪੁਰ ਰੋਡ, ਜੋਧੇਵਾਲ ਬਸਤੀ ਆਦਿ ਦੇ ਫਲਾਈਓਵਰਾਂ ਹੇਠ ਅਜਿਹੇ ਮੰਗਤਿਆਂ ਅਤੇ ਨਸ਼ੇੜੀ ਕਿਸਮ ਦੇ ਲੋਕ ਆਮ ਬੈਠੇ ਦੇਖੇ ਜਾ ਸਕਦੇ ਹਨ। ਇਸ ਤੋਂ ਪਹਿਲਾਂ ਅਜਿਹੇ ਮੰਗਤੇ ਮਾਤਾ ਰਾਣੀ ਚੌਂਕ, ਦੁਰਗਾ ਮਾਤਾ ਮੰਦਿਰ, ਭਾਰਤ ਨਗਰ ਚੌਂਕ, ਪੱਖੋਵਾਲ ਰੋਡ, ਰੇਲਵੇ ਸਟੇਸ਼ਨ, ਚੌੜਾ ਬਾਜ਼ਾਰ ਆਦਿ ਆਮ ਦੇਖਣ ਨੂੰ ਮਿਲਦੇ ਸਨ। ਇੱਥੇ ਘੁੰਮਦੇ ਕਈ ਛੋਟੇ ਉਮਰ ਦੇ ਬੱਚਿਆਂ ਵੱਲੋਂ ਨਸ਼ਾ ਤੱਕ ਕੀਤਾ ਜਾਂਦਾ ਸੀ। ਮੁਹਿੰਮ ਤੋਂ ਬਾਅਦ ਹੁਣ ਇਹ ਸੜ੍ਹਕਾਂ ਅਤੇ ਚੌਂਕ ਅਜਿਹੇ ਮੰਗਤਿਆਂ ਤੋਂ ਖਾਲੀ ਹੋਣ ਨਾਲ ਲੋਕਾਂ ਨੇ ਸੁੱਖ ਦਾ ਸਾਹ ਲਿਆ ਹੈ। ਹੁਣ ਟ੍ਰੈਫਿਕ ਲਾਈਟਾਂ ’ਤੇ ਕੋਈ ਭਿਖਾਰੀ ਘੁੰਮਦਾ ਨਜ਼ਰ ਨਹੀਂ ਆਉਂਦਾ। ਲੋਕਾਂ ਦਾ ਕਹਿਣਾ ਹੈ ਕਿ ਜੇਕਰ ਪ੍ਰਸਾਸ਼ਨ ਇਸੇ ਤਰ੍ਹਾਂ ਮੁਹਿੰਮ ਤੇਜ਼ ਕਰਦਾ ਰਿਹਾ ਤਾਂ ਉਹ ਦਿਨ ਦੂਰ ਨਹੀਂ ਜਦੋਂ ਲੁਧਿਆਣਾ ਮੰਗਤਿਆਂ ਤੋਂ ਮੁਕਤ ਸ਼ਹਿਰ ਹੋ ਜਾਵੇਗਾ।