ਬੇਸਬਾਲ: ਲੁਧਿਆਣਾ 6-2 ਨਾਲ ਫਿਰੋਜ਼ਪੁਰ ਨੂੰ ਹਰਾ ਕੇ ਬਣੀ ਚੈਂਪੀਅਨ
ਜੇਤੂ ਟੀਮ ਦੀਆਂ ਪ੍ਰਾਚੀ, ਸਾਚੀ ਅਤੇ ਰਿਤੁ ਨੇ ਇੱਕ-ਇੱਕ ਗੋਲ ਬਣਾਇਆ
ਇਥੋਂ ਦੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ, ਗਿੱਲ ਵਿਖੇ ਚੱਲ ਰਹੀ 13ਵੀਂ ਜੂਨੀਅਰ ਪੰਜਾਬ ਰਾਜ ਬੇਸਬਾਲ ਚੈਂਪੀਅਨਸ਼ਿਪ ਦੇ ਅੱਜ ਦੂਜੇ ਦਿਨ ਖੇਡੇ ਗਏ ਲੜਕੀਆਂ ਦੀਆਂ ਟੀਮਾਂ ਦੇ ਫਾਈਨਲ ਮੁਕਾਬਲੇ ਵਿੱਚ ਲੁਧਿਆਣਾ ਨੇ ਫਿਰੋਜ਼ਪੁਰ ਨੂੰ 6-2 ਨਾਲ ਹਰਾ ਕੇ ਚੈਂਪੀਅਨ ਬਣਨ ਦਾ ਮਾਣ ਪ੍ਰਾਪਤ ਕੀਤਾ ਹੈ। ਅੱਜ ਲੜਕਿਆਂ ਦੇ ਵਰਗ ਵਿੱਚੋਂ ਲੁਧਿਆਣਾ, ਸੰਗਰੂਰ, ਫਿਰੋਜ਼ਪੁਰ ਅਤੇ ਅੰਮ੍ਰਿਤਸਰ ਦੀਆਂ ਟੀਮਾਂ ਸੈਮੀਫਾਈਨਲ ਵਿੱਚ ਪਹੁੰਚੀਆਂ।
ਚੈਂਪੀਅਨਸ਼ਿਪ ਦੌਰਾਨ ਬੀਤੇ ਦਿਨ ਹੋਏ ਲੜਕੀਆਂ ਦੀਆਂ ਟੀਮਾਂ ਦੇ ਹੋਏ ਮੁਕਾਬਲਿਆਂ ਤੋਂ ਬਾਅਦ ਅੱਜ ਫਾਈਨਲ ਮੁਕਾਬਲੇ ਵਿੱਚ ਲੁਧਿਆਣਾ ਨੇ ਫਿਰੋਜ਼ਪੁਰ ਦੀਆਂ ਕੁੜੀਆਂ ਨੂੰ 6-2 ਸਕੋਰ ਨਾਲ ਹਰਾ ਦਿੱਤਾ। ਜੇਤੂ ਟੀਮ ਵੱਲੋਂ ਆਸ, ਪ੍ਰਾਚੀ, ਸਾਚੀ ਅਤੇ ਰਿਤੁ ਨੇ ਇੱਕ-ਇੱਕ ਰਨ ਬਣਾਇਆ। ਤੀਜੇ ਸਥਾਨ ’ਤੇ ਮੋਗਾ ਦੀ ਟੀਮ ਰਹੀ। ਇਸ ਤੋਂ ਇਲਾਵਾ ਅੱਜ ਲੜਕਿਆਂ ਦੀਆਂ ਟੀਮਾਂ ਦੇ ਮੁਕਾਬਲਿਆਂ ਵਿੱਚੋਂ ਪਹਿਲੇ ਮੁਕਾਬਲੇ ਵਿੱਚ ਫਿਰੋਜ਼ਪੁਰ ਨੇ ਫਰੀਦਕੋਟ ਨੂੰ 4-0, ਲੁਧਿਆਣਾ ਨੇ ਕਪੂਰਥਲਾ ਨੂੰ 2-0, ਪਟਿਆਲਾ ਨੇ ਸ੍ਰੀ ਫਤਿਹਗੜ੍ਹ ਸਾਹਿਬ ਨੂੰ 8-0, ਸ਼੍ਰੀ ਮੁਕਤਸਰ ਸਾਹਿਬ ਨੇ ਬਰਨਾਲਾ ਨੂੰ 5-0 ਨਾਲ, ਅੰਮ੍ਰਿਤਸਰ ਨੇ ਜਲੰਧਰ ਨੂੰ 2-0 ਨਾਲ, ਫਾਜ਼ਿਲਕਾ ਨੇ ਮਲੇਰਕੋਟਲਾ ਨੂੰ 14-5 ਨਾਲ, ਸੰਗਰੂਰ ਨੇ ਐਸਏਐਸ ਨਗਰ ਮੁਹਾਲੀ ਨੂੰ 15-2 ਨਾਲ, ਮਾਨਸਾ ਨੇ ਮੋਗਾ ਨੂੰ 2-1 ਨਾਲ ਹਰਾਇਆ। ਲੜਕਿਆਂ ਦੀਆਂ ਟੀਮਾਂ ਦੇ ਕੁਆਰਟਰ ਫਾਈਨਲ ਮੈਚਾਂ ਵਿੱਚ ਫਿਰੋਜਪੁਰ ਨੇ ਪਟਿਆਲਾ ਨੂੰ 4-3, ਅੰਮ੍ਰਿਤਸਰ ਨੇ ਫਾਜ਼ਿਲਕਾ ਨੂੰ 8-1 ਨਾਲ, ਲੁਧਿਆਣਾ ਨੇ ਸ਼੍ਰੀ ਮੁਕਤਸਰ ਸਾਹਿਬ ਨੂੰ 10-0 ਨਾਲ ਅਤੇ ਸੰਗਰੂਰ ਨੇ ਮਾਨਸਾ ਨੂੰ 6-1 ਨਾਲ ਹਰਾਇਆ। ਹੁਣ 13 ਅਕਤੂਬਰ ਨੂੰ ਪਹਿਲਾ ਸੈਮੀਫਾਈਨਲ ਮੁਕਾਬਲਾ ਲੁਧਿਆਣਾ ਅਤੇ ਸੰਗਰੂਰ ਜਦਕਿ ਦੂਜਾ ਸੈਮੀਫਾਈਨਲ ਮੁਕਾਬਲਾ ਫਿਰੋਜਪੁਰ ਅਤੇ ਅੰਮ੍ਰਿਤਸਰ ਦੀਆਂ ਟੀਮਾਂ ਵਿਚਕਾਰ ਖੇਡਿਆ ਜਾਵੇਗਾ। ਮੁਕਾਬਲੇ ਦੇ ਦੂਜੇ ਦਿਨ ਪੰਜਾਬ ਬੇਸਬਾਲ ਐਸੋਸੀਏਸ਼ਨ ਦੇ ਪ੍ਰਧਾਨ ਸੁਖਦੇਵ ਸਿੰਘ ਔਲਖ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਜੇਤੂ ਲੜਕੀਆਂ ਦੀ ਟੀਮ ਨੂੰ ਇਨਾਮਾਂ ਦੀ ਵੰਡ ਕੀਤੀ। ਇਸ ਮੌਕੇ ਐਸੋਸੀਏਸ਼ਨ ਦੇ ਸਕੱਤਰ ਇੰਜ. ਹਰਬੀਰ ਸਿੰਘ ਗਿੱਲ, ਰਜਿੰਦਰ ਸਿੰਘ, ਸੁੰਦਰ ਸਿੰਘ, ਚਮਕੌਰ ਸਿੰਘ, ਮਾਲਵਿੰਦਰ ਸਿੰਘ, ਬਲਦੇਵ ਸਿੰਘ ਹਾਜ਼ਰ ਸਨ।