ਬਾਰ ਐਸੋਸੀਏਸ਼ਨ ਹਿਮਾਂਸ਼ੂ ਮਲਿਕ ਖ਼ਿਲਾਫ਼ ਕੇਸ ਦਰਜ ਕਰਨ ਦਾ ਵਿਰੋਧ
ਹੜਤਾਲ ਜਾਰੀ ਰੱਖਣ ਅਤੇ ਪਰਚਾ ਰੱਦ ਨਾ ਹੋਣ ’ਤੇ ਸੂਬਾ ਪੱਧਰੀ ਸੰਘਰਸ਼ ਦੀ ਤਾੜਨਾ
ਬਾਰ ਐਸੋਸੀਏਸ਼ਨ ਜਗਰਾਉਂ ਦੀ ਇਕੱਤਰਤਾ ਅੱਜ ਪ੍ਰਧਾਨ ਸਤਿੰਦਰਪਾਲ ਸਿੰਘ ਦੀ ਅਗਵਾਈ ਹੇਠ ਹੋਈ। ਇਸ ਸਮੇਂ ਹਾਜ਼ਰ ਅਹੁਦੇਦਾਰਾਂ ਤੇ ਮੈਂਬਰਾਂ ਨੇ ਵਕੀਲ ਸਾਥੀ ਐਡਵੋਕੇਟ ਤੇ ਕੌਂਸਲ ਹਿਮਾਂਸ਼ੂ ਮਲਿਕ ਖ਼ਿਲਾਫ਼ ਪੁਲੀਸ ਵਲੋਂ ਦਰਜ ਪਰਚੇ ਨੂੰ ਝੂਠਾ ਦੱਸਦਿਆਂ ਇਹ ਰੱਦ ਕਰਨ ਦੀ ਮੰਗ ਕੀਤੀ। ਪੁਲੀਸ ਪ੍ਰਸ਼ਾਸਨ ਪਾਸੋਂ ਐਤਵਾਰ ਤਕ ਇਹ ਪਰਚਾ ਰੱਦ ਕਰਨ ਦੀ ਮੰਗ ਕਰਦਿਆਂ ਉਨ੍ਹਾਂ ਉਦੋਂ ਤਕ ਵਕੀਲਾਂ ਦੀ ਚੱਲ ਰਹੀ ਹੜਤਾਲ ਜਾਰੀ ਰੱਖਣ ਦਾ ਵੀ ਫ਼ੈਸਲਾ ਲਿਆ। ਇਸੇ ਸਮੇਂ ਆਮ ਸਹਿਮਤੀ ਨਾਲ ਇਹ ਵੀ ਫ਼ੈਸਲਾ ਹੋਇਆ ਕਿ ਝੂਠਾ ਪਰਚਾ ਰੱਦ ਨਾ ਹੋਣ 'ਤੇ ਸੋਮਵਾਰ ਤੋਂ ਸੂਬਾ ਪੱਧਰੀ ਸੰਘਰਸ਼ ਵਿੱਢਿਆ ਜਾਵੇਗਾ ਜਿਸ ਦੀ ਜ਼ਿੰਮੇਵਾਰੀ ਸਰਕਾਰ ਤੇ ਪ੍ਰਸ਼ਾਸਨ ਦੀ ਹੋਵੇਗੀ।
ਬਾਰ ਐਸੋਸੀਏਸ਼ਨ ਨੇ ਕਿਹਾ ਕਿ ਐਡਵੋਕੇਟ ਹਿਮਾਂਸ਼ੂ ਮਲਿਕ ਉਨ੍ਹਾਂ ਦਾ ਸਰਗਰਮ ਮੈਂਬਰ ਹੈ ਜਿਸ ਖ਼ਿਲਾਫ਼ ਕੌਂਸਲਰ ਹੋਣ ਕਰਕੇ ਕਥਿਤ ਬਦਲਾਖੋਰੀ ਤਹਿਤ ਪਰਚਾ ਦਰਜ ਹੋਇਆ ਹੈ। ਬਾਰ ਐਸੋਸੀਏਸ਼ਨ ਆਪਣੇ ਕਿਸੇ ਵੀ ਸਾਥੀ ਨਾਲ ਅਜਿਹੀ ਵਧੀਕੀ ਸਹਿਣ ਨਹੀਂ ਕਰੇਗੀ।
ਵਿਧਾਇਕਾ ਨੇ ਪਾਇਆ ‘ਆਪ’ ’ਚ ਸ਼ਾਮਲ ਹੋਣ ਦਾ ਦਬਾਅ: ਮਲਿਕ
ਕਾਂਗਰਸ ਪਾਰਟੀ ਨਾਲ ਸਬੰਧਤ ਕੌਂਸਲਰ ਤੇ ਐਡਵੋਕੇਟ ਹਿਮਾਂਸ਼ੂ ਮਲਿਕ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਹਲਕਾ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਉਸ ਨੂੰ ‘ਆਪ’ ਵਿੱਚ ਸ਼ਾਮਲ ਕਰਵਾਉਣਾ ਚਾਹੁੰਦੀ ਸੀ। ਇਨਕਾਰ ਕਰਨ ’ਤੇ ਲਗਾਤਾਰ ਉਸ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਅਤੇ ਪਹਿਲਾਂ ਇਕ ਝੂਠਾ ਮਾਮਲਾ ਦਰਜ ਕਰਵਾਉਣ ਮਗਰੋਂ ਇਕ ਹੋਰ ਪਰਚਾ ਦਰਜ ਕਰਵਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਹ ਮਾਮਲਾ ਵੀ ਐਸਸੀ/ਐਸਟੀ ਐਕਟ ਤਹਿਤ ਦਰਜ ਕਰਵਾਉਣ ਲਈ ਦਬਾਅ ਬਣਾਇਆ ਗਿਆ ਪਰ ਸਬੂਤ ਮੁਹੱਈਆ ਨਾ ਕਰਵਾ ਸਕਦਾ ਅਤੇ ਲਗਾਤਾਰ ਬਿਆਨ ਬਦਲਣ ਕਰਕੇ ਪੁਲੀਸ ਨੇ ਅਜਿਹਾ ਨਹੀਂ ਕੀਤਾ।