ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਪਿਛਲੇ ਦਿਨਾਂ ਦੌਰਾਨ ਆਏ ਭਾਰੀ ਮੀਂਹ ਨਾਲ ਆਤਮ ਨਗਰ, ਸ਼ਿਮਲਾਪੁਰੀ ਅਤੇ ਦੱਖਣੀ ਹਲਕੇ ਦੇ ਉਨ੍ਹਾਂ ਲੋੜਵੰਦ ਅਤੇ ਗਰੀਬ ਲੋਕਾਂ ਦੀ ਨਕਦ ਸਹਾਇਤਾ ਕੀਤੀ ਹੈ ਜਿਨ੍ਹਾਂ ਦੇ ਘਰ ਦੀਆਂ ਛੱਤਾਂ ਗਿਰ ਗਈਆਂ ਜਾਂ ਮੀਂਹ ਕਾਰਨ ਕੰਮ ਨਾਂ ਮਿਲਣ ਕਾਰਨ ਘਰ ਵਿੱਚ ਰਾਸ਼ਨ ਨਾ ਹੋਣ ਕਾਰਨ ਰੋਟੀ ਤੋਂ ਵੀ ਅਵਾਜ਼ਾਰ ਸਨ। ਉਨ੍ਹਾਂ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਕੇ ਆਪਣੀ ਜੇਬ ਵਿੱਚੋਂ ਉਨ੍ਹਾਂ ਦੀ ਆਰਥਿਕ ਸਹਾਇਤਾ ਕੀਤੀ ਹੈ।
ਇਸ ਮੌਕੇ ਸਿਮਰਜੀਤ ਸਿੰਘ ਬੈਂਸ ਨੇ ਮੀਡੀਆ ਨਾਲ ਗੱਲਬਾਤ ਕਰਦਿਆ ਦੱਸਿਆ ਕਿ ਮਨੁੱਖਤਾ ਦੀ ਸੇਵਾ ਕਰਨਾ ਸਭ ਤੋਂ ਵੱਡਾ ਧਰਮ ਹੈ। ਪੰਜਾਬ ਦੇ ਪੇਂਡੂ ਖੇਤਰ ਵਿੱਚ ਬੇਹਿਸਾਬ ਨੁਕਸਾਨ ਹੋਇਆ ਹੈ ਅਤੇ ਪੰਜਾਬੀਆਂ ਵੱਲੋਂ ਪੇਂਡੂ ਖੇਤਰ ਵਿੱਚ ਹੋਏ ਨੁਕਸਾਨ ਦੀ ਕੀਤੀ ਲਾਮਿਸਾਲ ਮਦਦ ਦੀ ਦੁਨੀਆਂ ਤਰੀਫ਼ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸ਼ਹਿਰੀ ਖੇਤਰਾਂ 'ਚ ਵੀ ਲਗਾਤਾਰ ਕਈ ਦਿਨ ਹੋਈ ਭਾਰੀ ਬਾਰਿਸ਼ ਨੇ ਗਰੀਬ ਲੋਕਾਂ ਦੇ ਮਕਾਨ ਢਾਹ ਦਿੱਤੇ ਹਨ।
ਉਨ੍ਹਾਂ ਅੱਜ ਆਪਣੇ ਸਾਥੀਆਂ ਨਾਲ ਸ਼ਿਮਲਾਪੁਰੀ, ਆਤਮ ਨਗਰ ਅਤੇ ਦੱਖਣੀ ਹਲਕੇ ਦੇ ਇਲਾਕਿਆਂ ਦਾ ਦੌਰਾ ਕੀਤਾ ਅਤੇ ਪ੍ਰਭਾਵਿਤ ਲੋਕਾਂ ਨਾਲ ਹਮਦਰਦੀ ਪ੍ਰਗਟ ਕਰਦਿਆਂ ਉਨ੍ਹਾਂ ਨੂੰ ਮਕਾਨ ਬਣਾਉਣ ਲਈ ਨਕਦੀ ਤੋਂ ਇਲਾਵਾ ਸੀਮੇਂਟ, ਰੇਤਾ ਅਤੇ ਬਜਰੀ ਲਈ ਪੈਸੇ ਵੀ ਦਿੱਤੇ। ਇਸਦੇ ਨਾਲ ਹੀ ਉਨ੍ਹਾਂ ਵੱਲੋਂ ਕਈ ਪਰਿਵਾਰਾਂ ਨੂੰ ਸਾਲ ਭਰ ਲਈ ਰਾਸ਼ਨ ਵੀ ਦਿੱਤਾ ਗਿਆ ਅਤੇ ਕਈ ਪ੍ਰੀਵਾਰਾਂ ਦੇ ਬੱਚਿਆਂ ਦੀ ਸਾਲ ਭਰ ਲਈ ਸਕੂਲ ਫ਼ੀਸ ਵੀ ਦੇਣ ਦਾ ਭਰੋਸਾ ਦਿੱਤਾ।
ਬੈਂਸ ਨੇ ਕਿਹਾ ਕਿ ਅੱਜ ਹੜ੍ਹਾਂ ਕਾਰਨ ਪੰਜਾਬ ਦਾ ਮਾੜਾ ਹਾਲ ਹੋ ਚੁੱਕਾ ਹੈ ਇਸ ਲਈ ਸਾਡਾ ਸਾਰਿਆਂ ਦਾ ਅੱਜ ਫ਼ਰਜ਼ ਬਣਦਾ ਹੈ ਕਿ ਅਸੀਂ ਸਭ ਰਲ ਮਿਲ ਕੇ ਉਨ੍ਹਾਂ ਲੋਕਾਂ ਦੀ ਵੱਧ ਤੋਂ ਵੱਧ ਮਦਦ ਕਰੀਏ ਜਿਨ੍ਹਾਂ ਦਾ ਸਭ ਕੁੱਝ ਪਾਣੀ ਵਿੱਚ ਰੁੜ ਗਿਆ ਹੈ।