ਹਰਜਸ ਸਕੂਲ ਝੜੌਦੀ ਵਿੱਚ ਜਾਗਰੂਕਤਾ ਸੈਮੀਨਾਰ
ਆਵਾਜਾਈ ਨਿਯਮਾਂ, ਨਸ਼ਿਆਂ ਦੇ ਮਾਡ਼ੇ ਪ੍ਰਭਾਵ ਤੇ ਗੁੱਡ ਟੱਚ ਬੈਡ ਟੱਚ ਬਾਰੇ ਦੱਸਿਆ
ਪਿੰਡ ਝੜੌਦੀ ਵਿਖੇ ਹਰਜਸ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿੱਚ ਟਰੈਫਿਕ ਨਿਯਮਾਂ, ਯੁੱਧ ਨਸ਼ਿਆਂ ਵਿਰੁੱਧ, ਗੁੱਡ ਟੱਚ ਬੈਡ ਟੱਚ, ਸਬੰਧੀ ਸੈਮੀਨਾਰ ਕਰਵਾਇਆ ਗਿਆ। ਇਸ ਸੈਮੀਨਾਰ ਵਿੱਚ ਜਸਵੀਰ ਸਿੰਘ ਇੰਚਾਰਜ ਟਰੈਫਿਕ ਪੁਲਿਸ ਮਾਛੀਵਾੜਾ, ਸਹਾਇਕ ਥਾਣੇਦਾਰ ਰਾਜੇਸ਼ ਕੁਮਾਰ ਪੁਲਿਸ ਸਾਂਝ ਕੇਂਦਰ ਖੰਨਾ, ਤਰਲੋਚਨ ਸਿੰਘ ਇੰਚਾਰਜ ਸਾਂਝ ਕੇਂਦਰ, ਹੌਲਦਾਰ ਪਵਨ ਕੁਮਾਰ, ਸਰਬਜੀਤ ਕੌਰ ਮਹਿਲਾ ਮਿੱਤਰ ਡੈਸਕ ਮਾਛੀਵਾੜਾ, ਰਾਜਿੰਦਰਵੀਰ ਸਿੰਘ, ਮਾਛੀਵਾੜਾ ਸੋਸ਼ਲ ਵੈਲਫੇਅਰ ਸੋਸਾਇਟੀ ਐਨ.ਜੀ.ਓ. ਪ੍ਰਧਾਨ ਸ਼ਿਵ ਕੁਮਾਰ ਸ਼ਿਵਲੀ ਅਤੇ ਹਰਚਰਨਜੀਤ ਸਿੰਘ ਬੱਬੀ ਸਰਪੰਚ ਜੋਧਵਾਲ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਸਹਾਇਕ ਥਾਣੇਦਾਰ ਰਾਜੇਸ਼ ਕੁਮਾਰ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਆਪਣੇ ਮਾਤਾ ਪਿਤਾ ਅਤੇ ਅਧਿਆਪਕਾਂ ਦਾ ਸਤਿਕਾਰ ਕਰਨ ਲਈ ਪ੍ਰੇਰਿਤ ਕਰਦਿਆਂ ਸਮਾਜ ਵਿੱਚ ਫੈਲੀਆਂ ਬੁਰਾਈਆਂ ਤੋਂ ਜਾਣੂ ਕਰਵਾਉਂਦਿਆਂ ਉਹਨਾਂ ਤੋਂ ਦੂਰ ਰਹਿਣ ਲਈ ਜਾਗਰੂਕ ਕੀਤਾ। ਸਾਂਝ ਕੇਂਦਰ ਇੰਚਾਰਜ ਤਰਲੋਚਨ ਸਿੰਘ ਤੇ ਟਰੈਫਿਕ ਇੰਚਾਰਜ ਜਸਵੀਰ ਸਿੰਘ ਨੇ ਵਿਦਿਆਰਥੀਆਂ ਨੂੰ ਟਰੈਫਿਕ ਨਿਯਮਾਂ ਅਤੇ ਮੋਬਾਇਲ ਦੀ ਦੁਰਵਰਤੋਂ ਤੋ ਬਚਣ ਲਈ ਵਿਸ਼ੇਸ਼ ਜਾਣਕਾਰੀ ਦਿੱਤੀ। ਉਹਨਾਂ ਕਿਹਾ ਕਿ ਵਿਦਿਆਰਥੀ ਨਸ਼ਿਆਂ ਤੋਂ ਦੂਰ ਰਹਿ ਕੇ ਪੜ੍ਹਾਈ ਅਤੇ ਖੇਡਾਂ ਵੱਲ ਧਿਆਨ ਦੇਣ। ਮੈਡਮ ਸਰਬਜੀਤ ਕੌਰ ਨੇ ਵਿਦਿਆਰਥਣਾ ਨੂੰ 112 ਨੰਬਰ ਦੀ ਅਹਿਮੀਅਤ ਅਤੇ ਗੁਡ ਟੱਚ ਬੈਡ ਟੱਚ ਬਾਰੇ ਜਾਣਕਾਰੀ ਦਿੰਦਿਆਂ ਆਲੇ ਦੁਆਲੇ ਸਮਾਜ ਵਿੱਚ ਫੈਲੀਆਂ ਬੁਰਾਈਆਂ ਵਿਰੁੱਧ ਅਵਾਜ਼ ਉਠਾਉਣ ਲਈ ਪ੍ਰੇਰਿਤ ਕੀਤਾ। ਸਕੂਲ ਮੁੱਖ ਪ੍ਰਬੰਧਕ ਪਰਮਜੀਤ ਸਿੰਘ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਵਿਦਿਆਰਥੀਆਂ ਨੂੰ ਸਮੇਂ ਦਾ ਹਾਣੀ ਬਣਾਉਣ ਲਈ ਵੱਖ-ਵੱਖ ਸਮੇਂ ਤੇ ਲਗਾਏ ਜਾਂਦੇ ਸੈਮੀਨਾਰਾਂ ਲਈ ਪੁੱਜੇ ਮਹਿਮਾਨਾਂ ਦਾ ਧੰਨਵਾਦ ਪ੍ਰਗਟ ਕੀਤਾ। ਸੀਨੀਅਰ ਕੁਆਡੀਨੇਟਰ ਮਾਸਟਰ ਸਤੀਸ਼ ਕੁਮਾਰ ਨੇ ਮੰਚ ਸੰਚਾਲਨ ਦੀ ਭੂਮਿਕਾ ਬਾਖੂਬੀ ਨਿਭਾਈ।