ਖੇਤਰੀ ਪ੍ਰਤੀਨਿਧ
ਲੁਧਿਆਣਾ, 18 ਫਰਵਰੀ
ਇੰਟਰਨਲ ਕੁਆਲਿਟੀ ਐਸ਼ੋਰੈਂਸ ਸੈੱਲ ਦੀ ਅਗਵਾਈ ਹੇਠ, ਗੁਰੂ ਨਾਨਕ ਖਾਲਸਾ ਕਾਲਜ ਫਾਰ ਵਿਮੈਨ, ਮਾਡਲ ਟਾਊਨ, ਲੁਧਿਆਣਾ ਦੇ ਕੰਪਿਊਟਰ ਸਾਇੰਸ ਅਤੇ ਐਪਲੀਕੇਸ਼ਨ ਵਿਭਾਗ ਨੇ ਐੱਨਜੀਓ ਪਹਿਲ ਦੇ ਸਹਿਯੋਗ ਨਾਲ ਈ-ਵੇਸਟ ਪ੍ਰਬੰਧਨ ’ਤੇ ਸੈਮੀਨਾਰ ਅਤੇ ਕਲੈਕਸ਼ਨ ਡਰਾਈਵ ਕਰਵਾਈ ਗਈ। ਇਸ ਪਹਿਲਕਦਮੀ ਦਾ ਉਦੇਸ਼ ਇਲੈਕਟ੍ਰਾਨਿਕ ਰਹਿੰਦ-ਖੂੰਹਦ ਦੇ ਜ਼ਿੰਮੇਵਾਰ ਨਿਪਟਾਰੇ ਅਤੇ ਵਾਤਾਵਰਨ ’ਤੇ ਇਸ ਦੇ ਪ੍ਰਭਾਵ ਬਾਰੇ ਜਾਗਰੂਕਤਾ ਪੈਦਾ ਕਰਨਾ ਹੈ।
ਐੱਨਜੀਓ ਵੱਲੋਂ ਸੁਰਭੀ ਨੇ ਵਿਦਿਆਰਥੀਆਂ ਨੂੰ ਈ-ਕੂੜਾ ਪ੍ਰਬੰਧਨ ਦੀ ਮਹੱਤਤਾ ਬਾਰੇ ਜਾਗਰੂਕ ਕੀਤਾ। ਉਹਨਾਂ ਨੇ ਈ-ਕੂੜੇ ਦੇ ਸੁਰੱਖਿਅਤ ਨਿਪਟਾਰੇ ਅਤੇ ਰੀ-ਸਾਈਕਲਿੰਗ ਲਈ ਤਕਨੀਕਾਂ ਅਤੇ ਪ੍ਰਕਿਰਿਆਵਾਂ ਬਾਰੇ ਵਿਸਥਾਰ ਨਾਲ ਦੱਸਿਆ। ਉਨ੍ਹਾਂ ਨੇ ਵਾਤਾਵਰਨ ਦੀ ਸੰਭਾਲ ਅਤੇ ਸਥਿਰਤਾ ਵਿੱਚ ਇਸਦੀ ਭੂਮਿਕਾ ’ਤੇ ਵੀ ਜ਼ੋਰ ਦਿੱਤਾ। ਇੰਟਰਐਕਟਿਵ ਸੈਸ਼ਨ ਵਿੱਚ ਸੁਰਭੀ ਨੇ ਵਿਦਿਆਰਥੀਆਂ ਦੇ ਸਵਾਲਾਂ ਦੇ ਜਵਾਬ ਦਿੱਤੇ। ਸਮਾਗਮ ਦਾ ਸੰਚਾਲਨ ਡੇਜ਼ੀ ਵਧਵਾ ਨੇ ਕੰਪਿਊਟਰ ਸਾਇੰਸ ਵਿਭਾਗ ਦੇ ਫੈਕਲਟੀ ਮੈਂਬਰਾਂ ਨਾਲ ਕੀਤਾ। ਕਾਲਜ ਦੀ ਪ੍ਰਿੰਸੀਪਲ ਡਾ. ਮਨੀਤਾ ਕਾਹਲੋਂ ਨੇ ਵਿਦਿਆਰਥੀਆਂ ਵਿੱਚ ਵਾਤਾਵਰਨ ਪ੍ਰਤੀ ਜ਼ਿੰਮੇਵਾਰੀ ਨੂੰ ਉਤਸ਼ਾਹਿਤ ਕਰਨ ਲਈ ਅਜਿਹੇ ਉਪਰਾਲਿਆਂ ਦੀ ਮਹੱਤਤਾ ਬਾਰੇ ਚਾਨਣਾ ਪਾਇਆ। ਉਨ੍ਹਾਂ ਕਿਹਾ, ਜਿਵੇਂ ਜਿਵੇਂ ਤਕਨਾਲੋਜੀ ਦੀ ਤਰੱਕੀ ਹੁੰਦੀ ਹੈ, ਈ-ਕੂੜਾ ਪ੍ਰਬੰਧਨ ਇੱਕ ਮਹੱਤਵਪੂਰਨ ਚਿੰਤਾ ਬਣਦਾ ਜਾ ਰਿਹਾ ਹੈ। ਇਹ ਪਹਿਲਕਦਮੀ ਨਾ ਸਿਰਫ਼ ਸਾਡੇ ਵਿਦਿਆਰਥੀਆਂ ਨੂੰ ਸਿੱਖਿਅਤ ਕਰਦੀ ਹੈ, ਸਗੋਂ ਉਹਨਾਂ ਨੂੰ ਇੱਕ ਸਾਫ਼ ਅਤੇ ਹਰੇ ਭਰੇ ਭਵਿੱਖ ਲਈ ਜ਼ਿੰਮੇਵਾਰ ਕਾਰਵਾਈਆਂ ਕਰਨ ਲਈ ਵੀ ਸ਼ਕਤੀ ਪ੍ਰਦਾਨ ਕਰਦੀ ਹੈ।