‘ਵੋਟ ਚੋਰ ਗੱਦੀ ਛੋੜ’ ਮੁਹਿੰਮ ਤਹਿਤ ਜਾਗਰੂਕ ਕੀਤਾ
ਜੱਗਾ ਹਿੱਸੋਵਾਲ ਤੇ ਸੋਨੀ ਗਾਲਿਬ ਵੱਲੋਂ ਭਾਜਪਾ ’ਤੇ ਚੋਰੀ ਦੀਅਾਂ ਵੋਟਾਂ ਨਾਲ ਸਰਕਾਰਾਂ ਬਣਾਉਣ ਦਾ ਦੋਸ਼
ਕਾਂਗਰਸ ਨੇ ਅੱਜ ਇਥੇ ‘ਵੋਟ ਚੋਰ ਗੱਦੀ ਛੋੜ’ ਮੁਹਿੰਮ ਤਹਿਤ ਇਕ ਪ੍ਰੋਗਰਾਮ ਕਰਕੇ ਵੋਟਰਾਂ ਨੂੰ ਜਾਗਰੂਕ ਕੀਤਾ। ਬਲਾਕ ਕਾਂਗਰਸ ਦੇ ਸ਼ਹਿਰੀ ਪ੍ਰਧਾਨ ਹਰਪ੍ਰੀਤ ਸਿੰਘ ਧਾਲੀਵਾਲ ਵਲੋਂ ਰੱਖੇ ਪ੍ਰੋਗਰਾਮ ਵਿੱਚ ਸਾਬਕਾ ਵਿਧਾਇਕ ਜਗਤਾਰ ਸਿੰਘ ਜੱਗਾ ਹਿੱਸੋਵਾਲ ਅਤੇ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਕਰਨਜੀਤ ਸਿੰਘ ਸੋਨੀ ਗਾਲਿਬ ਵਿਸ਼ੇਸ਼ ਤੌਰ ’ਤੇ ਪਹੁੰਚੇ। ਕਾਂਗਰਸੀ ਵਰਕਰਾਂ ਤੇ ਵੱਡੀ ਗਿਣਤੀ ਵਿੱਚ ਇਕੱਤਰ ਔਰਤਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਜੱਗਾ ਹਿੱਸੋਵਾਲ ਤੇ ਸੋਨੀ ਗਾਲਿਬ ਨੇ ਕਿਹਾ ਕਿ ਵਿਰੋਧੀ ਧਿਰ ਦੇ ਲੀਡਰ ਰਾਹੁਲ ਗਾਂਧੀ ਨੇ ਤੱਥਾਂ ਨਾਲ ਭਾਜਪਾ ਦੀ ਇਹ ਵੋਟ ਚੋਰੀ ਵਾਲੀ ਖੇਡ ਨਸ਼ਰ ਕੀਤੀ ਹੈ ਪਰ ਹੈਰਾਨੀ ਦੀ ਗੱਲ ਹੈ ਕਿ ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਚੋਣ ਕਮਿਸ਼ਨ ਨੂੰ ਜੋ ਸਵਾਲ ਪੁੱਛੇ ਉਨ੍ਹਾਂ ਦਾ ਸਿੱਧਾ ਜਵਾਬ ਦੇਣ ਦੀ ਥਾਂ ਗੱਲ ਹੋਰ ਪਾਸੇ ਤੋਰਨ ਦੀ ਕੋਸ਼ਿਸ਼ ਹੋ ਰਹੀ ਹੈ। ਕਾਂਗਰਸੀ ਆਗੂਆਂ ਨੇ ਕਿਹਾ ਕਿ ਵੋਟ ਚੋਰੀ ਕਰਕੇ ਨੈਤਿਕ ਤੌਰ ’ਤੇ ਕੇਂਦਰ ਸਰਕਾਰ ਸੱਤਾ ਵਿੱਚ ਬਣੇ ਰਹਿ ਦਾ ਹੱਕ ਗੁਆ ਚੁੱਕੀ ਹੈ ਪਰ ਕਿਉਂਕਿ ਸਰਕਾਰ ਲਾਂਭੇ ਨਹੀਂ ਹੋ ਰਹੀ ਇਸੇ ਲਈ ਵੋਟ ਚੋਰੀ ਗੱਦੀ ਛੋੜ ਦੀ ਮੁਹਿੰਮ ਚਲਾ ਕੇ ਲੋਕਾਂ ਨੂੰ ਜਾਗਰੂਕ ਕਰਨ ਦਾ ਕੰਮ ਕਾਂਗਰਸ ਪਾਰਟੀ ਪੂਰੇ ਦੇਸ਼ ਅੰਦਰ ਕਰ ਰਹੀ ਹੈ। ਉਨ੍ਹਾਂ ਸੂਬਾ ਸਰਕਾਰ ਨੂੰ ਹਰ ਫਰੰਟ ’ਤੇ ਫੇਲ੍ਹ ਕਰਾਰ ਦਿੰਦਿਆਂ ਕਿਹਾ ਕਿ ਨਾ ਸੂਬਾ ਭ੍ਰਿਸ਼ਟਾਚਾਰ ਮੁਕਤ ਹੋਇਆ ਹੈ ਅਤੇ ਨਾ ਹੀ ਨਸ਼ਾ ਮੁਕਤ। ਇਕ ਵਾਰ ਗੱਲਾਂ ਵਿੱਚ ਆ ਕੇ ਗਲਤੀ ਕਰ ਚੁੱਕੇ ਪੰਜਾਬੀ ਹੁਣ ਆਪਣੀ ਗਲਤੀ ਸੁਧਾਰਨ ਤੇ ਕਾਂਗਰਸ ਦੇ ਹੱਕ ਵਿੱਚ ਫਤਵਾ ਦੇਣ ਲਈ ਕਾਹਲੇ ਹਨ। ਇਕੱਠ ਨੂੰ ਨਗਰ ਕੌਂਸਲ ਪ੍ਰਧਾਨ ਜਤਿੰਦਰ ਪਾਲ ਰਾਣਾ, ਰਾਜੇਸ਼ਇੰਦਰ ਸਿੱਧੂ, ਬਲਾਕ ਦਿਹਾਤੀ ਪ੍ਰਧਾਨ ਨਵਦੀਪ ਗਰੇਵਾਲ, ਗੋਪਾਲ ਸ਼ਰਮਾ, ਹਰਪ੍ਰੀਤ ਧਾਲੀਵਾਲ, ਸਰਪੰਚ ਹਰਦੀਪ ਸਿੰਘ ਲਾਲੀ, ਕੌਂਸਲਰ ਡਿੰਪਲ ਗੋਇਲ ਆਦਿ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਕੌਂਸਲਰ ਅਮਨ ਕਪੂਰ ਬੌਬੀ, ਗੁਰਪ੍ਰੀਤ ਕੌਰ ਤਤਲਾ, ਪਰਮਜੀਤ ਕੌਰ ਧਾਲੀਵਾਲ, ਰਾਜ ਭਾਰਦਵਾਜ, ਰੋਹਿਤ ਗੋਇਲ, ਨਿਰਭੈ ਸਿੰਘ ਭੋਲਾ, ਪਹਿਲਵਾਨ ਯੋਧਾ ਜਗਰਾਉਂ, ਸੰਨੀ ਕੱਕੜ, ਡਾ. ਇਕਬਾਲ ਧਾਲੀਵਾਲ ਆਦਿ ਹਾਜ਼ਰ ਸਨ।