ਸਿਹਤ ਵਿਭਾਗ ਵੱਲੋਂ 7 ਸਤੰਬਰ ਤੱਕ ਮਨਾਏ ਜਾ ਰਹੇ ਕੌਮੀ ਖੁਰਾਕ ਹਫ਼ਤੇ ਸਬੰਧੀ ਅੱਜ ਇਥੋਂ ਦੇ ਨੇੜਲੇ ਪਿੰਡ ਮਾਨੂੰਪੁਰ ਦੇ ਕਮਿਊਨਿਟੀ ਹੈਲਥ ਸੈਂਟਰ ਵਿੱਚ ਐਸਐਮਓ ਡਾ.ਜਸਦੇਵ ਸਿੰਘ ਦੀ ਅਗਵਾਈ ਹੇਠ ਜਾਗਰੂਕਤਾ ਕੈਂਪ ਲਾਇਆ ਗਿਆ। ਜਿਸ ਵਿਚ ਲੋਕਾਂ ਨੂੰ ਚੰਗੀ ਖੁਰਾਕ ਦੇ ਮਹੱਤਵ ਸਬੰਧੀ ਜਾਣਕਾਰੀ ਦਿੱਤੀ ਗਈ। ਇਸ ਮੌਕੇ ਡਾ. ਸਤਿਆਜੀਤ ਸਿੰਘ ਨੇ ਕਿਹਾ ਕਿ ਚੰਗੀ ਖੁਰਾਕ ਤੰਦਰੁਸਤ ਅਤੇ ਸਿਹਤਮੰਦ ਜੀਵਨ ਦਾ ਆਧਾਰ ਹੁੰਦੀ ਹੈ ਪ੍ਰਤੂੰ ਅੱਜ ਕੱਲ੍ਹ ਗੈਰ ਸਿਹਤਮੰਦ ਭੋਜਨ ਜਿਵੇਂ ਕਿ ਡੱਬਾਬੰਦ ਭੋਜਨ, ਫਾਸਟ ਫੂਡ, ਸੋਫ਼ਟ ਡਰਿੰਕ, ਮੈਦੇ ਨਾਲ ਬਣੇ ਭੋਜਨ ਆਦਿ ਦੀ ਵਰਤੋਂ ਬਹੁਤ ਵੱਧ ਚੁੱਕੀ ਹੈ ਜੋ ਗੈਰ ਸੰਚਾਰੀ ਬਿਮਾਰੀਆਂ ਸ਼ੂਗਰ, ਹਾਈ ਬਲੱਡ ਪ੍ਰੈਸ਼ਰ, ਦਿਲ ਦੀਆਂ ਬਿਮਾਰੀਆਂ ਅਤੇ ਮੋਟਾਪੇ ਦਾ ਕਾਰਨ ਬਣਦੇ ਹਨ। ਇਸ ਲਈ ਜ਼ਰੂਰੀ ਹੈ ਕਿ ਅਜਿਹੇ ਭੋਜਨ ਦੀ ਵਰਤੋਂ ਤੋਂ ਪਰਹੇਜ਼ ਕਰਕੇ ਪੌਸ਼ਟਿਕ ਸੰਤੁਲਿਤ ਭੋਜਨ ਦੀ ਵਰਤੋਂ ਕੀਤੀ ਜਾਵੇ।
ਗੁਰਦੀਪ ਸਿੰਘ ਨੇ ਕਿਹਾ ਕਿ ਗਰਭਵਤੀ ਔਰਤਾਂ ਨੂੰ ਪੌਸ਼ਟਿਕ ਆਹਾਰ ਜਿਵੇਂ ਕਿ ਪਾਲਕ, ਹਰੀਆ ਪੱਤੇਦਾਰ ਸਬਜ਼ੀਆਂ, ਮੌਸਮੀ ਫਲਾਂ ਆਦਿ ਦੀ ਵਧੇਰੇ ਵਰਤੋਂ ਕਰਨੀ ਚਾਹੀਦੀ ਹੈ ਜੋ ਗਰਭ ਵਿਚ ਪਲ ਰਹੇ ਬੱਚੇ ਦੇ ਵਿਕਾਸ ਲਈ ਬਹੁਤ ਜ਼ਰੂਰੀ ਹੈ। ਇਸ ਤੋਂ ਇਲਾਵਾ ਨਵ ਜਨਮੇ ਬੱਚਿਆਂ ਨੂੰ ਪਹਿਲੇ ਛੇ ਮਹੀਨੇ ਸਿਰਫ਼ ਮਾਂ ਦਾ ਦੁੱਧ ਹੀ ਪਿਲਾਉਣਾ ਚਾਹੀਦਾ ਹੈ।