ਵਿਸ਼ਵ ਤੰਬਾਕੂ ਵਿਰੋਧੀ ਦਿਵਸ ਮੌਕੇ ਜਾਗਰੂਕਤਾ ਕੈਂਪ
ਜੋਗਿੰਦਰ ਸਿੰਘ ਓਬਰਾਏ
ਖੰਨਾ, 2 ਜੂਨ
ਅੱਜ ਇਥੋਂ ਦੇ ਨੇੜਲੇ ਪਿੰਡ ਮਾਨੂੰਪੁਰ ਦੇ ਕਮਿਊਨਿਟੀ ਸੈਂਟਰ ਵਿੱਚ ਐੱਸਐੱਮਓ ਡਾ. ਜਸਦੇਵ ਸਿੰਘ ਦੀ ਅਗਵਾਈ ਹੇਠਾਂ ਵਿਸ਼ਵ ਤੰਬਾਕੂ ਵਿਰੋਧੀ ਦਿਵਸ ਸਬੰਧੀ ਜਾਗਰੂਕਤਾ ਕੈਂਪ ਲਾਇਆ ਗਿਆ। ਇਸ ਮੌਕੇ ਡਾ. ਜਸਦੇਵ ਸਿੰਘ ਨੇ ਕਿਹਾ ਕਿ ਤੰਬਾਕੂ ਵਿੱਚ ਨਿਕੋਟੀਨ ਵਰਗੇ ਕਈ ਖਤਰਨਾਕ ਪਦਾਰਥ ਪਾਏ ਜਾਂਦੇ ਹਨ। ਇਸ ਲਈ ਤੰਬਾਕੂ ਦੀ ਸਿਗਰਟ, ਬੀੜੀ, ਜਰਦਾ, ਕੂਲਲਿੱਪ ਆਦਿ ਕਿਸੇ ਵੀ ਰੂਪ ਵਿਚ ਵਰਤੋਂ ਸਿਹਤ ਲਈ ਹਾਨੀਕਾਰਕ ਹੈ। ਉਨ੍ਹਾਂ ਕਿਹਾ ਕਿ ਤੰਬਾਕੂ ਦੀ ਵਰਤੋਂ ਕੈਂਸਰ ਅਤੇ ਦਿਲ ਦੀਆਂ ਬਿਮਾਰੀਆਂ ਦਾ ਕਾਰਨ ਵੀ ਬਣਦੀ ਹੈ। ਇਹ ਨਾ ਸਿਰਫ਼ ਵਰਤੋਂ ਕਰਨ ਵਾਲੇ ਸਗੋਂ ਉਸਦੇ ਪਰਿਵਾਰ ’ਤੇ ਵੀ ਮਾੜਾ ਪ੍ਰਭਾਵ ਪਾਉਂਦੀ ਹੈ। ਡਾ. ਸਤਿਆਜੀਤ ਸਿੰਘ ਅਤੇ ਡਾ. ਜਸਨੀਤ ਕੌਰ ਨੇ ਕਿਹਾ ਕਿ ਤੰਬਾਕੂ ਕੰਟਰੋਲ ਐਕਟ ਅਧੀਨ ਜਨਤਕ ਥਾਵਾਂ ’ਤੇ ਤੰਬਾਕੂਨੋਸ਼ੀ ਦੀ ਮਨਾਹੀ, 18 ਸਾਲ ਤੋਂ ਘੱਟ ਉਮਰ ਦੇ ਵਿਅਕਤੀ ਤੰਬਾਕੂ ਉਤਪਾਦ ਵੇਚਣ ਅਤੇ ਕਿਸੇ ਵਿੱਦਿਅਕ ਸੰਸਥਾ ਦੇ 100 ਗਜ ਘੇਰੇ ਵਿੱਚ ਸਿਗਰਟ, ਹੋਰ ਤੰਬਾਕੂ ਉਤਪਾਦਾਂ ਦੇ ਸੇਵਨ ਅਤੇ ਵਿਰਕੀ ਤੇ ਰੋਕ ਹੈ। ਇਸ ਐਕਟ ਦੀ ਉਲੰਘਣਾ ਕਰਨ ਵਾਲਿਆਂ ਦੇ ਚਲਾਨ ਵੀ ਕੱਟੇ ਜਾਂਦੇ ਹਨ। ਗੁਰਦੀਪ ਸਿੰਘ ਅਤੇ ਜਗਦੀਪ ਸਿੰਘ ਨੇ ਕਿਹਾ ਕਿ ਤੰਬਾਕੂ ਦੀ ਆਦਤ ਤੋਂ ਛੁਟਕਾਰਾ ਪਾਉਣ ਲਈ ਸਾਨੂੰ ਅਜਿਹੇ ਵਿਅਕਤੀਆਂ ਦੀ ਮਦਦ ਕਰਨੀ ਚਾਹੀਦੀ ਹੈ ਅਤੇ ਵੱਧ ਤੋਂ ਵੱਧ ਲੋਕਾਂ ਨੂੰ ਇਸਦੇ ਦੁਰਪ੍ਰਭਾਵਾਂ ਬਾਰੇ ਜਾਗਰੂਕ ਕਰਨਾ ਚਾਹੀਦਾ ਹੈ। ਇਸ ਮੌਕੇ ਅਰੁਣਦੀਪ ਕੌਰ, ਜਗਦੀਪ ਸਿੰਘ, ਬਬਲਪ੍ਰੀਤ ਕੌਰ ਆਦਿ ਹਾਜ਼ਰ ਸਨ।