ਨੇੜਲੇ ਪਿੰਡ ਮਾਨੂੰਪੁਰ ਦੇ ਕਮਿਊਨਿਟੀ ਹੈਲਥ ਸੈਂਟਰ ਵਿੱਚ ਐੱਸਐੱਮਓ ਡਾ. ਜਸਦੇਵ ਸਿੰਘ ਦੀ ਅਗਵਾਈ ਹੇਠ ਹੈਪੇਟਾਈਟਸ ਤੋਂ ਬਚਾਅ ਸਬੰਧੀ ਜਾਣਕਾਰੀ ਦੇਣ ਲਈ ਜਾਗਰੂਕਤਾ ਕੈਂਪ ਲਾਇਆ ਗਿਆ। ਇਸ ਮੌਕੇ ਗੁਰਦੀਪ ਸਿੰਘ ਨੇ ਦੱਸਿਆ ਕਿ ਹੈਪੇਟਾਈਟਸ ਜਿਗਰ ਦੀ ਬਿਮਾਰੀ ਹੈ ਜੋ ਵਾਇਰਸ ਕਾਰਨ ਫੈਲਦੀ ਹੈ। ਹੈਪੇਟਾਈਟਸ ਬੀ ਅਤੇ ਸੀ ਜਿਸ ਨੂੰ ਕਾਲਾ ਪੀਲੀਆ ਵੀ ਕਿਹਾ ਜਾਂਦਾ ਹੈ।
ਉਨ੍ਹਾਂ ਕਿਹਾ ਕਿ ਹੈਪੇਟਾਈਟਸ ਬੀ ਇਕੋ ਸੂਈ ਦੀ ਵਾਰ ਵਾਰ ਵਰਤੋਂ, ਟੂਥ ਬਰਸ਼ ਸਾਂਝਾ ਕਰਨ, ਦੂਸ਼ਿਤ ਖੂਨ ਚੜਾਉਣ, ਅਸੁਰੱਖਿਅਤ ਸੰਭੋਗ ਆਦਿ ਕਾਰਨਾਂ ਨਾਲ ਫੈਲਦਾ ਹੈ ਜਦੋਂ ਕਿ ਹੈਪੇਟਾਈਟਸ ਸੀ ਦੂਸ਼ਿਤ ਪਾਣੀ, ਗਲੇ ਸੜੇ ਫਲ, ਦੂਸ਼ਿਤ ਭੋਜਨ ਦੀ ਵਰਤੋਂ ਅਤੇ ਬਿਨ੍ਹਾਂ ਹੱਥ ਧੋਏ ਖਾਣਾ ਖਾਣ ਨਾਲ ਹੁੰਦਾ ਹੈ। ਇਸ ਲਈ ਜ਼ਰੂਰੀ ਹੈ ਕਿ ਪਾਣੀ ਉਬਾਲ ਕੇ ਪੀਤਾ ਜਾਵੇ, ਖੁੱਲ੍ਹੇ ਵਿਚ ਜੰਗਲ ਪਾਣੀ ਜਾਣ ਤੋਂ ਪਰਹੇਜ ਕੀਤਾ ਜਾਵੇ ਅਤੇ ਜ਼ਿਆਦਾ ਪੱਕੇ ਫਲਾਂ ਦੀ ਵਰਤੋਂ ਨਾ ਕੀਤੀ ਜਾਵੇ ਆਦਿ। ਇਸ ਮੌਕੇ ਅਰੁਣਦੀਪ ਸਿੰਘ ਅਤੇ ਜਗਦੀਪ ਸਿੰਘ ਨੇ ਕਿਹਾ ਕਿ ਹਲਕਾ ਬੁਖਾਰ, ਮਾਸਪੇਸ਼ੀਆ ਵਿਚ ਦਰਦ, ਥਕਾਵਟ ਅਤੇ ਕਮਜ਼ੋਰੀ ਮਹਿਸੂਸ ਹੋਣ ਤੇ ਨੇੜਲੇ ਸਿਹਤ ਕੇਂਦਰ ਜਾ ਕੇ ਜਾਂਚ ਕਰਵਾਈ ਜਾਵੇ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਹਸਪਤਾਲਾਂ ਅਤੇ ਸਰਕਾਰੀ ਮੈਡੀਕਲ ਕਾਲਜਾਂ ਵਿਚ ਹੈਪੇਟਾਈਟਸ ਦਾ ਇਲਾਜ ਮੁਫ਼ਤ ਕੀਤਾ ਜਾਂਦਾ ਹੈ। ਇਸ ਮੌਕੇ ਨੀਲਮ ਰਾਣੀ ਅਤੇ ਸੀਮਾ ਰਾਣੀ ਹਾਜ਼ਰ ਸਨ।