ਸਨਅਤੀ ਸ਼ਹਿਰ ਦੇ ਪਿੰਡ ਸਸਰਾਲੀ ਵਿੱਚ ਬੰਨ੍ਹ ਦਾ ਜ਼ਾਇਜਾ ਲੈਣ ਦੇ ਲਈ ਅੱਜ ਫੌਜ ਦੇ ਅਧਿਕਾਰੀ ਪੁੱਜੇ। ਇਸ ਥਾਂ ’ਤੇ ਭਾਵੇਂ ਪਾਣੀ ਦਾ ਪੱਧਰ ਘੱਟ ਗਿਆ ਹੋਵੇ, ਪਰ ਪਾਣੀ ਦੀ ਸਪੀਡ ਕਾਫ਼ੀ ਤੇਜ਼ ਹੋਣ ਕਾਰਨ ਉਹ ਬੰਨ੍ਹ ਤੇ ਖੇਤੀਯੋਗ ਜ਼ਮੀਨ ਦਾ ਨੁਕਸਾਨ ਕਰ ਰਿਹਾ ਹੈ। ਇਸ ਸਬੰਧੀ ਪਿੰਡ ਵਾਸੀਆਂ ਦੇ ਕਹਿਣ ’ਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਫੌਜ ਨੂੰ ਚਿੱਠੀ ਲਿੱਖ ਮਦਦ ਮੰਗੀ ਸੀ। ਜਿਸ ਤੋਂ ਬਾਅਦ ਵੀਰਵਾਰ ਨੂੰ ਬੰਨ੍ਹ ਦਾ ਜਾਇਜ਼ਾ ਲੈਣ ਦੇ ਲਈ ਫੌਜ ਦੇ ਅਧਿਕਾਰੀ ਪੁੱਜੇ, ਜਿਨ੍ਹਾਂ ਨੇ ਮੌਕੇ ’ਤੇ ਸਾਰੀ ਸਥਿਤੀ ਦਾ ਜਾਇਜ਼ਾ ਲਿਆ ਤੇ ਆਉਣ ਵਾਲੇ ਦਿਨਾਂ ਵਿੱਚ ਇੱਥੇ ਕਿਸ ਤਰੀਕੇ ਦੇ ਨਾਲ ਸੁਰੱਖਿਆ ਲਈ ਕਦਮ ਚੁੱਕੇ ਜਾਣੇ ਹਨ, ਉਹ ਕੀਤੇ ਜਾਣਗੇ। ਉਧਰ, ਸੂਤਰਾਂ ਮੁਤਾਬਕ ਫੌਜ ਕੋਲ ਸਮਾਨ ਨਹੀਂ ਸੀ, ਜਿਸ ਕਾਰਨ ਅੱਜ ਕੰਮ ਸ਼ੁਰੂ ਨਹੀਂ ਹੋ ਸੱਕਿਆ ਹੈ।
ਇਸ ਦੌਰਾਨ ਜਿੱਥੇ ਪਾਣੀ ਘੱਟ ਗਿਆ ਹੈ, ਉੱਥੇ ਨਵਾਂ ਬੰਨ੍ਹ ਬਣਾਉਣ ਦੀਆਂ ਗੱਲਾਂ ਹੋ ਰਹੀਆਂ ਹਨ, ਪਰ ਪਿੰਡ ਵਾਸੀਆਂ ਨੇ ਵਿਰੋਧ ਕੀਤਾ ਹੈ। ਉਨ੍ਹਾਂ ਦੀ ਮੰਗ ਹੈ ਕਿ ਬੰਨ੍ਹ ਉੱਥੇ ਬਣਾਇਆ ਜਾਵੇ ਜਿੱਥੇ ਇਹ ਪਹਿਲਾਂ ਸੀ, ਜੇਕਰ ਨਵਾਂ ਬੰਨ੍ਹ ਬਣਾਇਆ ਜਾਂਦਾ ਹੈ, ਤਾਂ ਪਾਣੀ ਤੇਜ਼ ਵਹਾਅ ਜ਼ਮੀਨ ਨੂੰ ਵਹਾ ਕੇ ਲੈ ਜਾਏਗਾ। ਪਿੰਡ ਵਾਸੀਆਂ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਇੱਕ ਪੱਤਰ ਲਿਖਿਆ ਹੈ।
ਪ੍ਰਸ਼ਾਸਨ ਦੀ ਟੀਮ ਨੂੰ ਸਸਰਾਲੀ ਕਲੋਨੀ ਪਿੰਡ ਵਿੱਚ ਪਾਣੀ ਰੋਕਣ ਵਿੱਚ ਮੁਸ਼ਕਲ ਆ ਰਹੀ ਸੀ। ਇਸੇ ਕਰਕੇ ਪ੍ਰਸ਼ਾਸਨ ਨੇ ਬੰਨ੍ਹ ਦੇ ਕੰਮ ਵਿੱਚ ਸਹਾਇਤਾ ਲਈ ਫੌਜ ਨੂੰ ਚਿੱਠੀ ਲਿਖੀ ਸੀ। ਸਰਕਾਰੀ ਆਦੇਸ਼ਾਂ ਦੀ ਪਾਲਣਾ ਕਰਦੇ ਹੋਏ ਫੌਜ ਵੀਰਵਾਰ ਨੂੰ ਪਹੁੰਚੀ। ਸੂਤਰਾਂ ਅਨੁਸਾਰ, ਫੌਜ ਨੇ ਕਈ ਉਪਕਰਣਾਂ ਲਈ ਕਿਹਾ ਸੀ, ਜੋਕਿ ਮੌਕੇ ’ਤੇ ਨਹੀਂ ਮਿਲੇ ਤੇ ਇਸ ਕਾਰਨ ਕੰਮ ਸ਼ੁਰੂ ਨਹੀਂ ਹੋ ਸੱਕਿਆ।
ਪਿੰਡ ਵਾਸੀਆਂ ਦੀ ਗੱਲ ਕਰੀਏ ਤਾਂ ਪਾਣੀ ਦੇ ਤੇਜ਼ ਵਹਾਅ ਨੇ ਕਰੀਬ 300 ਏਕੜ ਜ਼ਮੀਨ ਨੂੰ ਨਿਗਲ ਲਿਆ ਹੈ। ਉਨ੍ਹਾਂ ਕਿਹਾ ਕਿ ਹੁਣ ਇੱਕ ਬੰਨ੍ਹ ਬਣਾਉਣ ਲਈ ਵਿਚਾਰ-ਵਟਾਂਦਰਾ ਚੱਲ ਰਿਹਾ ਹੈ ਜਿੱਥੇ ਪਾਣੀ ਵਗ ਰਿਹਾ ਹੈ, ਜਿਸ ਨਾਲ ਪਾਣੀ ਨੂੰ ਦਾਖਲ ਹੋਣ ਤੋਂ ਰੋਕਿਆ ਜਾ ਸਕੇ। ਹਾਲਾਂਕਿ, ਪਿੰਡ ਵਾਸੀ ਇਸ ਗੱਲ ’ਤੇ ਜ਼ੋਰ ਦੇ ਰਹੇ ਹਨ ਕਿ ਬੰਨ੍ਹ ਨੂੰ ਅਸਲ ਪਹਿਲਾਂ ਵਾਲੀ ਥਾਂ ’ਤੇ ਹੀ ਬਣਾਇਆ ਜਾਣਾ ਚਾਹੀਦਾ ਹੈ।