ਹੰਬੜਾ ਰੋਡ ’ਤੇ ਨੂਰਪੁਰ ਬੇਟ ਇਲਾਕੇ ਵਿੱਚ ਹਥਿਆਰਬੰਦ ਨੌਜਵਾਨਾਂ ਨੇ ਸ਼ਰਾਬ ਦੇ ਠੇਕੇ ’ਤੇ ਹਮਲਾ ਕਰਕੇ ਦੁਕਾਨ ਦੀ ਭੰਨ੍ਹ-ਤੋੜ ਕੀਤੀ ਅਤੇ ਮੁਲਾਜ਼ਮਾਂ ਨੂੰ ਜ਼ਖਮੀ ਕਰਕੇ ਨਕਦੀ ਲੁੱਟ ਲਈ। ਇਹ ਹਮਲਾ ਉਸ ਵੇਲੇ ਹੋਇਆ ਜਦੋਂ ਕਾਰਿੰਦਾ ਪੈਸੇ ਗਿਣ ਰਿਹਾ ਸੀ। ਕਰਮਚਾਰੀ ਨੂੰ ਕੁੱਟਣ ਤੋਂ ਪਹਿਲਾਂ ਮੁਲਜ਼ਮਾਂ ਨੇ ਠੇਕੇ ਵੱਲ ਪੱਥਰਬਾਜ਼ੀ ਕੀਤੀ ’ਤੇ ਉਥੇ ਮੌਜੂਦ ਲੋਕਾਂ ਨੂੰ ਭਜਾ ਦਿੱਤਾ। ਇਸ ਵਾਰਦਾਤ ਵਿੱਚ ਠੇਕੇ ਦਾ ਮੁਲਾਜ਼ਮ ਗੰਭੀਰ ਜ਼ਖ਼ਮੀ ਹੋਇਆ ਹੈ। ਜ਼ਖਮੀ ਮੁਲਾਜ਼ਮ ਦੀ ਪਛਾਣ ਅਨਿਲ ਕੁਮਾਰ ਵਜੋਂ ਹੋਈ ਹੈ। ਦੁਕਾਨ ਮਾਲਕਾਂ ਨੇ ਇਸ ਬਾਰੇ ਪੁਲੀਸ ਨੂੰ ਸ਼ਿਕਾਇਤ ਕੀਤੀ ਹੈ। ਲਾਡੋਵਾਲ ਪੁਲੀਸ ਸਟੇਸ਼ਨ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਪੀੜਤ ਅਨਿਲ ਕੁਮਾਰ ਨੇ ਦੱਸਿਆ ਕਿ ਰਾਤ ਜਦੋਂ ਉਹ ਠੇਕੇ ’ਤੇ ਹੋਈ ਕਮਾਈ ਦਾ ਹਿਸਾਬ ਲਾ ਰਿਹਾ ਸੀ ਤਾਂ ਵੱਡੀ ਗਿਣਤੀ ਵਿੱਚ ਨੌਜਵਾਨ ਆਏ ਤੇ ਪੱਥਰਬਾਜ਼ੀ ਸ਼ੁਰੂ ਕਰ ਦਿੱਤੀ। ਜਦੋਂ ਲੋਕ ਭੱਜ ਗਏ ਤਾਂ ਉਨ੍ਹਾਂ ਹਥਿਆਰ ਕੱਢ ਲਏ ਤੇ ਉਸ ’ਤੇ ਹਮਲਾ ਕਰ ਦਿੱਤਾ। ਉਸ ਵੱਲੋਂ ਵਿਰੋਧ ਕਰਨ ’ਤੇ ਲੁਟੇਰਿਆਂ ਨੇ ਉਸ ਨੂੰ ਬੁਰੀ ਤਰ੍ਹਾ ਜ਼ਖ਼ਮੀ ਕਰ ਦਿੱਤਾ ਤੇ ਪੈਸੇ ਲੈ ਕੇ ਭੱਜ ਗਏ। ਲਾਡੋਵਾਲ ਥਾਣੇ ਦੀ ਐੱਸਐੱਚਓ ਸਬ-ਇੰਸਪੈਕਟਰ ਗੁਰਸ਼ਿੰਦਰ ਕੌਰ ਨੇ ਕਿਹਾ ਕਿ ਉਨ੍ਹਾਂ ਨੂੰ ਹਾਲੇ ਤੱਕ ਕੋਈ ਲਿਖਤੀ ਸ਼ਿਕਾਇਤ ਨਹੀਂ ਮਿਲੀ ਹੈ। ਪਰ ਜਾਂਚ ਆਰੰਭ ਦਿੱਤੀ ਗਈ ਹੈ।