ਹਥਿਆਰਬੰਦ ਹਮਲਾਵਰਾਂ ਨੇ ਘਰ ’ਤੇ ਇੱਟਾਂ-ਪੱਥਰ ਚਲਾਏ
ਇਥੇ ਇਸਲਾਮਗੰਜ ਇਲਾਕੇ ਵਿੱਚ ਸ਼ੁੱਕਰਵਾਰ ਦੇਰ ਰਾਤ ਹਥਿਆਰਬੰਦ ਨੌਜਵਾਨਾਂ ਨੇ ਰੰਜਿਸ਼ ਤਹਿਤ ਇਥੇ ਰਹਿੰਦੇ ਪ੍ਰਿਤਪਾਲ ਸਿੰਘ ਪਾਲਾ ਦੇ ਘਰ ’ਤੇ ਹਮਲਾ ਕਰ ਦਿੱਤਾ। ਇਸ ਤੋਂ ਪਹਿਲਾਂ ਮੁਲਜ਼ਮਾਂ ਨੇ ਗਲੀ ਵਿੱਚ ਖੜ੍ਹ ਕੇ ਗਾਲਾਂ ਵੀ ਕੱਢੀਆਂ ਮਗਰੋਂ ਪੀੜਤ ਦੇ ਘਰ ’ਤੇ ਪੱਥਰਬਾਜ਼ੀ ਸ਼ੁਰੂ ਕਰ ਦਿੱਤੀ। ਇਸ ਮਗਰੋਂ ਹਮਲਾਵਰਾਂ ਨੇ ਘਰ ਦੇ ਬਾਹਰ ਦਰਵਾਜ਼ੇ ’ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕੀਤਾ। ਇਸ ਮਗਰੋਂ ਪ੍ਰਿਤਪਾਲ ਸਿੰਘ ਅਤੇ ਆਸ-ਪਾਸ ਰਹਿਣ ਵਾਲੇ ਲੋਕਾਂ ਨੇ ਪੁਲੀਸ ਨੂੰ ਸੂਚਿਤ ਕੀਤਾ। ਜਦੋਂ ਥਾਣਾ ਡਿਵੀਜ਼ਨ 2 ਦੀ ਪੁਲੀਸ ਮੌਕੇ ’ਤੇ ਪਹੁੰਚੀ ਤਾਂ ਹਮਲਾਵਰ ਪਹਿਲਾਂ ਹੀ ਭੱਜ ਗਏ ਸਨ। ਪੁਲੀਸ ਨੇ ਆਲੇ-ਦੁਆਲੇ ਦੇ ਇਲਾਕੇ ਦੀ ਫੁਟੇਜ ਆਪਣੇ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਪ੍ਰਿਤਪਾਲ ਸਿੰਘ ਪਾਲਾ ਨੇ ਦੱਸਿਆ ਕਿ ਉਹ ਪਹਿਲਾਂ ਸਮਾਜ ਸੇਵਾ ਦੇ ਕੰਮ ਕਰਦਾ ਸੀ ਤੇ ਲਗਪਗ ਚਾਰ-ਪੰਜ ਸਾਲ ਪਹਿਲਾਂ ਉਸ ਦਾ ਇਲਾਕੇ ਦੇ ਕੁਝ ਨੌਜਵਾਨਾਂ ਨਾਲ ਝਗੜਾ ਹੋਇਆ ਸੀ ਤੇ ਬਾਅਦ ਵਿੱਚ ਇਲਾਕਾ ਵਾਸੀਆਂ ਤੇ ਹੋਰ ਪਤਵੰਤਿਆਂ ਦੇ ਦਖਲ ਮਗਰੋਂ ਸਮਝੌਤਾ ਹੋ ਗਿਆ ਸੀ। ਇਸ ਮਗਰੋਂ ਉਹ ਮਿਲਰਗੰਜ ਇਲਾਕੇ ਵਿੱਚ ਕੰਮ ਕਰਨ ਲੱਗ ਪਿਆ। ਬੀਤੀ ਦੇਰ ਰਾਤ 11 ਵਜੇ ਦੇ ਕਰੀਬ ਕੁਝ ਨੌਜਵਾਨਾਂ ਨੇ ਉਸ ਦੇ ਘਰ ’ਤੇ ਪੱਥਰਬਾਜ਼ੀ ਕੀਤੀ। ਉਹ ਦਰਵਾਜ਼ਾ ਖੋਲ੍ਹਣ ਲਈ ਕਹਿ ਰਹੇ ਸਨ ਪਰ ਪ੍ਰਿਤਪਾਲ ਸਿੰਘ ਪਰਿਵਾਰ ਸਮੇਤ ਘਰ ਦੇ ਅੰਦਰ ਰਿਹਾ। ਉਸ ਨੇ ਕਿਹਾ ਕਿ ਪਰਿਵਾਰ ਸੌਂ ਰਿਹਾ ਹੈ ਤੇ ਜੇਕਰ ਕੋਈ ਮਸਲਾ ਹੈ ਤਾਂ ਉਹ ਸਵੇਰੇ ਆ ਕੇ ਇਲਾਕੇ ਦੇ ਲੋਕਾਂ ਨਾਲ ਮਿਲ ਕੇ ਹੱਲ ਕਰੇਗਾ। ਪਰ ਮੁਲਜ਼ਮ ਪੱਥਰਬਾਜ਼ੀ ਕਰਦੇ ਰਹੇ। ਸਵੇਰੇ ਘਰ ਤੋਂ ਬਾਹਰ ਆ ਕੇ ਵੇਖਿਆ ਤਾਂ ਬਾਹਰ ਖੜ੍ਹਾ ਆਟੋ ਤੇ ਕਾਰਾਂ ਦੇ ਸ਼ੀਸ਼ੇ ਟੁੱਟੇ ਹੋਏ ਸਨ। ਇੱਟਾਂ ਅਤੇ ਪੱਥਰ ਗਲੀ ਵਿੱਚ ਖਿੱਲਰੇ ਪਏ ਸਨ।
ਇਸ ਸਬੰਧ ਵਿੱਚ ਭਾਜਪਾ ਆਗੂ ਗੁਰਦੇਵ ਸ਼ਰਮਾ ਦੇਵੀ ਨੇ ਕਿਹਾ ਕਿ ਜੁਰਮ ’ਤੇ ਕਾਬੂ ਪਾਉਣ ਵਿੱਚ ਸਰਕਾਰ ਪੂਰੀ ਤਰ੍ਹਾਂ ਫੇਲ੍ਹ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਪੀੜਤ ਪਰਿਵਾਰ ਨੂੰ ਇਨਸਾਫ਼ ਨਾ ਮਿਲਿਆ ਤਾਂ ਉਹ ਧਰਨੇ ’ਤੇ ਬੈਠਣ ਲਈ ਮਜਬੂਰ ਹੋਣਗੇ।
ਕੁਝ ਨੌਜਵਾਨ ਹਿਰਾਸਤ ਵਿੱਚ ਲਏ ਹਨ, ਜਾਂਚ ਜਾਰੀ ਹੈ: ਐੱਸਐੱਚਓ
ਥਾਣਾ ਡਿਵੀਜ਼ਨ 2 ਦੇ ਐੱਸਐੱਚਓ ਇੰਸਪੈਕਟਰ ਗੁਰਜੀਤ ਸਿੰਘ ਨੇ ਕਿਹਾ ਕਿ ਨੇੜਲੇ ਸੀਸੀਟੀਵੀ ਚੈੱਕ ਕੀਤੇ ਜਾ ਰਹੇ ਹਨ। ਕੁਝ ਨੌਜਵਾਨਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਾਂਚ ਤੋਂ ਬਾਅਦ ਕੇਸ ਦਰਜ ਕਰ ਮੁਲਜ਼ਮਾਂ ਨੂੰ ਕਾਬੂ ਕੀਤਾ ਜਾਵੇਗਾ।
ਹਮਲੇ ਦੌਰਾਨ ਟੁੱਟਿਆ ਆਟੋ ਦਾ ਸ਼ੀਸ਼ਾ। -ਫੋਟੋ: ਹਿਮਾਂਸ਼ੂ ਮਹਾਜਨ