ਚਰਨਜੀਤ ਸਿੰਘ ਢਿੱਲੋਂ
ਜਗਰਾਉਂ, 18 ਜੂਨ
ਇੱਥੇ ਲਾਲਾ ਲਾਜਪਤ ਰਾਏ ਰੋਡ ’ਤੇ ਦਿੱਲੀ, ਯੂਪੀ ਤੇ ਪੰਜਾਬ ਨੰਬਰਾਂ ਵਾਲੀਆਂ ਤਿੰਨ ਗੱਡੀਆਂ ’ਚ ਆਏ 15-20 ਹਥਿਆਰਬੰਦ ਵਿਅਕਤੀਆਂ ਨੇ ਇੱਕ ਨੌਜਵਾਨ ਨੂੰ ਘੇਰ ਕੇ ਉਸ ’ਤੇ ਤਲਵਾਰਾਂ, ਬੇਸਬਾਲਾਂ, ਡੰਡਿਆਂ ਨਾਲ ਹਮਲਾ ਕਰ ਦਿੱਤਾ। ਇਸ ਦੌਰਾਨ ਹਮਲਾਵਰਾਂ ਨੂੰ ਪਤਾ ਲੱਗਿਆ ਕਿ ਉਹ ਜਿਸ ਨੂੰ ਕੁੱਟਣ ਆਏ ਸਨ ਇਹ ਲੜਕਾ ਉਹ ਨਹੀਂ ਹੈ। ਜ਼ਖਮੀ ਦੀ ਪਛਾਣ ਅਰਸ਼ਦੀਪ ਸਿੰਘ ਵਾਸੀ ਕੋਠੇ ਰਾਹਲਾ ਵੱਜੋਂ ਹੋਈ ਹੈ, ਜੋ ਆਪਣੇ ਦੋਸਤ ਨਾਲ ਐਕਟਿਵਾ ’ਤੇ ਕਿਸੇ ਕੰਮ ਬੈਂਕ ਵੱਲ ਜਾ ਰਿਹਾ ਸੀ। ਜਦੋਂ ਦੋਵੇਂ ਕਾਲਜ ਰੋਡ ’ਤੇ ਬੈਂਕ ਅੱਗੇ ਪਹੁੰਚੇ ਤਾਂ ਸਕਾਰਪੀਓ, ਸਵਿਫਟ ਤੇ ਆਲਟੋ ਕਾਰਾਂ ਵਿੱਚ ਆਏ ਹਮਲਾਵਰਾਂ ਨੇ ਉਨ੍ਹਾਂ ਨੂੰ ਘੇਰ ਲਿਆ। ਪਹਿਲਾਂ ਸਕਾਰਪਿਓ ਤੇ ਸਵਿਫਨ ’ਚ ਸਵਾਰ ਹਮਲਾਵਰਾਂ ਨੇ ਉਤਰਦੇ ਸਾਰ ਉਨ੍ਹਾਂ ’ਤੇ ਹਮਲਾ ਕਰ ਦਿੱਤਾ, ਮਰਗੋਂ ਆਲਟੋ ਕਾਰ ’ਚ ਸਵਾਰ ਮੁਲਜ਼ਮਾਂ ਨੇ ਦੱਸਿਆ ਕਿ ਇਹ ਉਹ ਨਹੀਂ ਹੈ ਜਿਸ ਨੂੰ ਕੁੱਟਦ ਉਹ ਆਏ ਸਨ। ਇਸ ਮਗਰੋਂ ਸਾਰੇ ਬਦਮਾਸ਼ ਫਰਾਰ ਹੋ ਗਏ। ਸਥਾਨਕ ਲੋਕਾਂ ਨੇ ਜ਼ਖ਼ਮੀ ਨੂੰ ਸਥਾਨਕ ਸਿਵਲ ਹਸਪਤਾਲ ਪਹੁੰਚਾਇਆ। ਪੀੜ੍ਹਤ ਨੌਜਵਾਨ ਡੂੰਘੇ ਸਦਮੇ ਵਿੱਚ ਹੈ ਤੇ ਹਾਲ ਦੀ ਘੜੀ ਉਹ ਕਿਸੇ ਬਾਰੇ ਕੋਈ ਬਿਆਨ ਦੇਣ ਤੋਂ ਅਸਮਰੱਥ ਹੈ। ਇਸ ਮੌਕੇ ਭਾਜਪਾ ਦੇ ਜ਼ਿਲ੍ਹਾ ਆਗੂ ਡਾ. ਰਾਜਿੰਦਰ ਸ਼ਰਮਾ ਨੇ ਕਿਹਾ ਕਿ ਇਹ ਹਮਲਾ ਇੱਕ ਨੌਜਵਾਨ ’ਤੇ ਨਹੀਂ ਸਗੋਂ ਸਾਰੇ ਜਗਰਾਉਂ ਵਾਸੀਆਂ ’ਤੇ ਹੋਇਆ ਹੈ ਤੇ ਪੁਲੀਸ ਨੂੰ ਸ਼ਿਕਾਇਤ ਦੀ ਉਡੀਕ ਕੀਤੇ ਬਿਨਾਂ ਕਾਰਵਾਈ ਕਰਨੀ ਚਾਹੀਦੀ ਹੈ।
ਸ਼ਿਕਾਇਤ ਮਿਲੀਣ ’ਤੇ ਬਿਨਾ ਦੇਰੀ ਕਾਰਵਾਈ ਹੋਵੇਗੀ: ਐੱਸਐੱਚਓ
ਐੱਸਐੱਚਓ ਵਰਿੰਦਰਪਾਲ ਸਿੰਘ ਨੇ ਕਿਹਾ ਕਿ ਸ਼ਹਿਰ ਵਿੱਚ ਗੁੰਡਾਗਰਦੀ ਕਰਨ ਦੀ ਤੇ ਕਾਨੂੰਨ ਹੱਥ ਵਿੱਚ ਲੈਣ ਦੀ ਇਜਾਜ਼ਤ ਕਿਸੇ ਨੂੰ ਨਹੀਂ ਹੈ। ਉਨ੍ਹਾਂ ਆਖਿਆ ਕਿ ਥਾਣੇ ਵਿੱਚ ਹਾਲੇ ਕੋਈ ਸ਼ਿਕਾਇਤ ਨਹੀਂ ਪਹੁੰਚੀ, ਜਦੋਂ ਕੋਈ ਸ਼ਿਕਾਇਤ ਮਿਲੇਗੀ ਬਿਨਾ ਦੇਰੀ ਕਾਰਵਾਈ ਕੀਤੀ ਜਾਵੇਗੀ।