ਗੁਰਦੀਪ ਸਿੰਘ ਟੱਕਰ
ਮਾਛੀਵਾੜਾ, 5 ਜੂਨ
ਸਥਾਨਕ ਅਨਾਜ ਮੰਡੀ ਵਿਚ ਮੱਕੀ ਦੀ ਆਮਦ ਸ਼ੁਰੂ ਹੋ ਗਈ ਹੈ ਅਤੇ ਖੇਤਾਂ ਵਿਚ ਵੀ ਫਸਲ ਪੱਕ ਕੇ ਤਿਆਰ ਖੜ੍ਹੀ ਹੈ। ਮਾਛੀਵਾੜਾ ਇਲਾਕੇ ਦੇ ਕਿਸਾਨਾਂ ਵੱਲੋਂ ਇਸ ਵਾਰ ਕਣਕ ਦੀ ਘੱਟ ਤੇ ਮੱਕੀ ਦੀ ਕਾਸ਼ਤ ਜ਼ਿਆਦਾ ਕੀਤੀ ਗਈ ਹੈ। ਖੇਤੀਬਾੜੀ ਵਿਭਾਗ ਅਨੁਸਾਰ ਪਿਛਲੇ ਸਾਲ 1200 ਤੋਂ 1400 ਏਕੜ ਮੱਕੀ ਦੀ ਕਾਸ਼ਤ ਹੋਈ ਸੀ ਪਰ ਇਸ ਸਾਲ ਇਹ 4 ਹਜ਼ਾਰ ਏਕੜ ਤੱਕ ਪਹੁੰਚ ਗਈ ਹੈ। ਮਾਛੀਵਾੜਾ ਦੇ ਢਾਹਾ ਖੇਤਰ ਦੇ ਨਾਲ ਨਾਲ ਇਸ ਵਾਰ ਬੇਟ ਇਲਾਕੇ ਵਿੱਚ ਵੀ ਮੱਕੀ ਦੀ ਕਾਸ਼ਤ ਵਧੀ ਹੈ। ਮਾਛੀਵਾੜਾ ਮੰਡੀ ਵਿੱਚ ਪਿਛਲੇ ਸਾਲ 3 ਲੱਖ 83 ਹਜ਼ਾਰ ਕੁਇੰਟਲ ਮੱਕੀ ਦੀ ਆਮਦ ਹੋਈ ਸੀ ਜੋ ਜ਼ਿਆਦਾਤਰ ਪ੍ਰਾਈਵੇਟ ਖਰੀਦਦਾਰਾਂ ਨੇ ਖਰੀਦੀ ਸੀ। ਪਿਛਲੇ ਸਾਲ ਮਾਛੀਵਾੜਾ ਮੰਡੀ ਵਿੱਚ ਮੱਕੀ ਦਾ ਭਾਅ 1800 ਤੋਂ 2600 ਰੁਪਏ ਪ੍ਰਤੀ ਕੁਇੰਟਲ ਰਿਹਾ ਤੇ ਔਸਤਨ ਝਾੜ 35 ਤੋਂ 40 ਕੁਇੰਟਲ ਨਿਕਲਿਆ ਜਿਸ ਕਾਰਨ ਕਿਸਾਨਾਂ ਨੂੰ 1 ਏਕੜ ’ਚੋਂ 1 ਲੱਖ ਰੁਪਏ ਦੀ ਮੱਕੀ ਪੈਦਾਵਾਰ ਹੋਈ।
ਪਸ਼ੂਆਂ ਦੇ ਅਚਾਰ ਲਈ ਵੀ ਮੱਕੀ ਦੇ ਕਈ ਖਰੀਦਦਾਰ
ਜਿਨ੍ਹਾਂ ਕੋਲ ਪਸ਼ੂਆਂ ਲਈ ਅਚਾਰ ਬਣਾਉਣ ਵਾਲੀਆਂ ਮਸ਼ੀਨਾਂ ਹਨ ਉਹ ਖੜ੍ਹੀ ਫਸਲ ਹੀ ਪ੍ਰਤੀ ਏਕੜ ਦੇ ਹਿਸਾਬ ਨਾਲ ਖਰੀਦ ਲੈਂਦੇ ਹਨ। ਜਾਣਕਾਰੀ ਅਨੁਸਾਰ ਮੱਕੀ ਫਸਲ ਦਾ ਅਚਾਰ ਬਣਾ ਕੇ ਵੇਚਣ ਵਾਲੇ ਵਪਾਰੀ ਖੜ੍ਹੀ ਫਸਲ ਦਾ 60 ਤੋਂ 80 ਹਜ਼ਾਰ ਰੁਪਏ ਪ੍ਰਤੀ ਏਕੜ ਕਿਸਾਨ ਨੂੰ ਅਦਾ ਕਰ ਦਿੰਦੇ ਹਨ। ਮੱਕੀ ਫਸਲ ਦਾ ਮਾਰਕੀਟ ਵਿੱਚ ਜੇਕਰ ਆਉਣ ਵਾਲੇ ਸਮੇਂ ਚੰਗਾ ਭਾਅ ਤੇ ਚੰਗਾ ਝਾੜ ਕਿਸਾਨਾਂ ਨੂੰ ਮਿਲਦਾ ਰਿਹਾ ਅਤੇ ਉਪਰੋਂ ਵਪਾਰੀਆਂ ਦੀ ਮੰਗ ਵੀ ਬਰਕਰਾਰ ਰਹੀ ਤਾਂ ਮਾਛੀਵਾੜਾ ਇਲਾਕਾ ਮੱਕੀ ਫਸਲ ਦੀ ਵੱਡੀ ਕਾਸ਼ਤ ਵਜੋਂ ਜਾਣਿਆ ਜਾਵੇਗਾ।
ਝੋਨੇ ਦੀ ਥਾਂ ਇਸ ਵਾਰ ਮੱਕੀ ਬੀਜ ਰਹੇ ਨੇ ਕਿਸਾਨ
ਕਿਸਾਨਾਂ ਵਲੋਂ ਕਣਕ ਫਸਲ ਦੀ ਬਜਾਏ ਮੱਕੀ ਦੀ ਫਸਲ ਬੀਜੀ ਜਾਂਦੀ ਹੈ ਪਰ ਇਸ ਵਾਰ ਕੁਝ ਕਿਸਾਨਾਂ ਨੇ ਹੁਣ ਨਵੀਂ ਬੀਜੀ ਜਾ ਰਹੀ ਝੋਨੇ ਦੀ ਫਸਲ ਨੂੰ ਵੀ ਛੱਡ ਕੇ ਉਸ ਬਦਲੇ ਮੱਕੀ ਦੀ ਬਿਜਾਈ ਸ਼ੁਰੂ ਕਰ ਦਿੱਤੀ ਹੈ। ਖੇਤੀਬਾੜੀ ਵਿਭਾਗ ਅਨੁਸਾਰ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਲਈ ਵੀ ਪ੍ਰੇਰਿਤ ਕੀਤਾ ਜਾ ਰਿਹਾ ਹੈ ਤਾਂ ਜੋ ਧਰਤੀ ਹੇਠਲੇ ਪਾਣੀ ਦੀ ਘੱਟ ਵਰਤੋ ਹੋ ਸਕੇ ਪਰ ਕੁਝ ਕਿਸਾਨਾਂ ਨੇ ਮੱਕੀ ਦੀ ਬਿਜਾਈ ਵੀ ਕੀਤੀ ਹੈ। ਪ੍ਰਾਪਤ ਅੰਕੜਿਆਂ ਅਨੁਸਾਰ ਇਲਾਕੇ ਦੇ ਕਿਸਾਨਾਂ ਨੇ ਝੋਨੇ ਨੂੰ ਛੱਡ ਕੇ 110 ਏਕੜ ਮੱਕੀ ਦੀ ਬਿਜਾਈ ਕੀਤੀ ਹੈ|