ਮਲਕ ਰੋਡ ਨੂੰ ਪੱਕਾ ਕਰਵਾਉਣ ਦੀ ਮਿਲੀ ਮਨਜ਼ੂਰੀ: ਮਾਣੂੰਕੇ
ਹਲਕਾ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਨੇ ਅੱਜ ਇਥੇ ਦੱਸਿਆ ਕਿ ਪੱਕਾ ਬਣ ਕੇ ਮੁੜ ਕੱਚਾ ਹੁੰਦੇ ਜਾ ਰਹੇ ਬੱਦਤਰ ਹਾਲਤ ’ਚ ਪਹੁੰਚੇ ਕੱਚਾ ਮਲਕ ਰੋਡ ਨੂੰ ਮਨਜ਼ੂਰ ਕਰਵਾ ਲਿਆ ਹੈ। ਉਨ੍ਹਾਂ ਕਿਹਾ ਕਿ ਟੈਂਡਰ ਪ੍ਰਕਿਰਿਆ ਮੁਕੰਮਲ ਹੋਣ ਤੋਂ ਬਾਅਦ ਇੱਕ ਮਹੀਨੇ ਵਿੱਚ ਸੜਕ ਦੀ ਉਸਾਰੀ ਸ਼ੁਰੂ ਹੋ ਜਾਵੇਗੀ।
ਪ੍ਰਾਪਤ ਜਾਣਕਾਰੀ ਅਨੁਸਾਰ ਇਹ ਸੜਕ ਕੁਝ ਸਮਾਂ ਪਹਿਲਾਂ ਹੀ ਬਣੀ ਸੀ ਪਰ ਸਮੇਂ ਤੋਂ ਪਹਿਲਾਂ ਥਾਂ-ਥਾਂ ਤੋਂ ਟੁੱਟ ਗਈ ਜਿਸ ਕਰਕੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਆ ਰਹੀ ਹੈ। ਵਿਧਾਇਕਾ ਮਾਣੂੰਕੇ ਨੇ ਦੱਸਿਆ ਕਿ ਕੱਚਾ ਮਲਕ ਰੋਡ ਸੜਕ ਦੀ ਮਿਆਦ ਬਾਅਦ 2027 ਤਕ ਸੀ ਅਤੇ ਉਸ ਉਪਰੰਤ ਮੁੜ ਨਵੀਂ ਬਣਨੀ ਸੀ, ਪਰ ਥਿੰਕ ਗੈਸ ਕੰਪਨੀ ਵਲੋਂ ਸ਼ਹਿਰ ਵਿੱਚ ਗੈਸ ਦੀ ਪਾਈਪ ਲਾਈਨ ਪਾਉਣ ਮੌਕੇ ਇਸ ਸੜਕ ਨੂੰ ਪੁਟ ਦਿੱਤਾ ਗਿਆ ਸੀ। ਇਸ ਤੋਂ ਇਲਾਵਾ ਨਗਰ ਕੌਂਸਲ ਵਲੋਂ ਵੀ ਸੀਵਰੇਜ ਅਤੇ ਵਾਟਰ ਸਪਲਾਈ ਦੀ ਸਮੱਸਿਆ ਕਾਰਨ ਸੜਕ ਨੂੰ ਪੁੱਟ ਦਿੱਤਾ ਗਿਆ। ਇਸ ਕਰਕੇ ਪੁੱਟੀ ਹੋਈ ਸੜਕ ਦੇ ਟੋਇਆਂ ਵਿੱਚ ਮੀਂਹ ਦਾ ਪਾਣੀ ਖੜ੍ਹਨ ਕਾਰਨ ਸੜਕ ਹੋਰ ਟੁੱਟ ਗਈ ਅਤੇ ਲੋਕਾਂ ਲਈ ਵੱਡੀ ਸਮੱਸਿਆ ਬਣ ਗਈ। ਲੋਕਾਂ ਦੀ ਇਸ ਵੱਡੀ ਸਮੱਸਿਆ ਨੂੰ ਵੇਖਦੇ ਹੋਏ ਉਨ੍ਹਾਂ ਵਲੋਂ ਮੰਡੀਕਰਨ ਬੋਰਡ ਦੇ ਅਧਿਕਾਰੀਆਂ ਕੋਲੋਂ ਇਸ ਸੜਕ ਸਬੰਧੀ ਨਵਾਂ ਪ੍ਰਾਜੈਕਟ ਤਿਆਰ ਕਰਵਾਇਆ ਗਿਆ। ਉਪਰੰਤ ਮਾਮਲਾ ਪੰਜਾਬ ਸਰਕਾਰ ਦੇ ਧਿਆਨ ਵਿੱਚ ਲਿਆਂਦਾ ਜਿਸ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰਵਾਨ ਕਰਦਿਆਂ ਕੱਚਾ ਮਲਕ ਰੋਡ ਨੂੰ ਬਨਾਉਣ ਦੀ ਮਨਜ਼ੂਰੀ ਦੇ ਦਿੱਤੀ ਹੈ। ਵਿਧਾਇਕਾ ਮਾਣੂੰਕੇ ਨੇ ਦੱਸਿਆ ਕਿ ਇਹ ਲਿੰਕ ਸੜਕ ਰਾਏਕੋਟ ਰੋਡ ਤੋਂ ਲੁਧਿਆਣਾ-ਫਿਰੋਜ਼ਪੁਰ ਜੀਟੀ ਰੋਡ ਰੋਡ ਤਕ 22 ਫੁੱਟ ਚੌੜੀ ਬਣੇਗੀ ਅਤੇ ਇਸ ਸੜਕ ਨੂੰ ਬਨਾਉਣ ਲਈ 15 ਦਿਨ ਤੱਕ ਟੈਂਡਰ ਆਨਲਾਈਨ ਹੋ ਜਾਣਗੇ। ਟੈਂਡਰਾਂ ਦੀ ਪ੍ਰਕਿਰਿਆ ਦਾ ਸਮਾਂ ਲਗਭਗ 15 ਤੋਂ 20 ਦਿਨ ਹੋਵੇਗਾ ਅਤੇ ਇਸ ਸੜਕ ਦੇ ਨਿਰਮਾਣ ਕਾਰਜ ਲਗਭਗ ਇਕ ਮਹੀਨੇ ਬਾਅਦ ਸ਼ੁਰੂ ਹੋ ਜਾਣਗੇ। ਕੰਮ ਸ਼ੁਰੂ ਹੋਣ ਤੋਂ ਲਗਭਗ ਦੋ ਮਹੀਨੇ ਵਿੱਚ ਇਸ ਸੜਕ ਨੂੰ ਮੁਕੰਮਲ ਕਰਵਾ ਲਿਆ ਜਾਵੇਗਾ ਤਾਂ ਜੋ ਲੋਕਾਂ ਨੂੰ ਵੱਡੀ ਸਮੱਸਿਆ ਤੋਂ ਨਿਜ਼ਾਤ ਮਿਲ ਸਕੇ।
ਸਨਮਤੀ ਸਕੂਲ ’ਚ 28 ਨੂੰ ਲਾਉਣਗੇ ਕੈਂਪ
ਲੋਕਾਂ ਦੀਆਂ ਸਮੱਸਿਆਵਾਂ ਦਾ ਮੌਕੇ ’ਤੇ ਹੱਲ ਕਰਨ ਲਈ ‘ਪੰਜਾਬ ਸਰਕਾਰ, ਤੁਹਾਡੇ ਦੁਆਰ’ ਸਹੂਲਤ ਕੈਂਪ 28 ਜੁਲਾਈ ਨੂੰ ਸਥਾਨਕ ਸਨਮਤੀ ਵਿਮਲ ਜੈਨ ਸੀਨੀਅਰ ਸੈਕੰਡਰੀ ਸਕੂਲ ਵਿੱਚ ਲੱਗੇਗਾ। ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਨੇ ਦੱਸਿਆ ਕਿ ‘ਆਪ’ ਵੱਲੋਂ ਪੰਜਾਬ ਵਿੱਚ ਸਰਕਾਰ ਬਣਾਉਣ ਤੋਂ ਪਹਿਲਾਂ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਹੁਣ ਲੋਕਾਂ ਨੂੰ ਅਫ਼ਸਰਾਂ ਕੋਲ ਨਹੀਂ ਜਾਣਾ ਪਵੇਗਾ, ਬਲਕਿ ਅਫ਼ਸਰ ਲੋਕਾਂ ਦੇ ਮਸਲੇ ਹੱਲ ਕਰਨ ਲਈ ਖੁਦ ਚੱਲ ਕੇ ਆਉਣਗੇ। ਇਸੇ ਵਾਅਦੇ ਨੂੰ ਪੂਰਾ ਕਰਦੇ ਹੋਏ ਪੰਜਾਬ ਸਰਕਾਰ ਵਲੋਂ ਇਹ ਕੈਂਪ ਲਾਏ ਜਾ ਰਹੇ ਹਨ। ਉਨ੍ਹਾਂ ਲੋਕਾਂ ਨੂੰ ਵੱਧ ਤੋਂ ਵੱਧ ਗਿਣਤੀ ਵਿੱਚ ਕੈਂਪ ਮੌਕੇ ਪਹੁੰਚਣ ਤੇ ਸਰਕਾਰੀ ਸਹੂਲਤਾਂ ਦਾ ਲਾਹਾ ਲੈਣ ਦੀ ਅਪੀਲ ਕੀਤੀ ਹੈ।