ਐਂਟੀ ਰੇਬੀਜ਼ ਵੈਕਸੀਨ ਹੁਣ ਤੋਂ ਆਮ ਆਦਮੀ ਕਲੀਨਿਕਾਂ ’ਚ ਉਪਲੱਬਧ
ਸਿਵਲ ਸਰਜਨ ਲੁਧਿਆਣਾ ਡਾ. ਰਮਨਦੀਪ ਕੌਰ ਦੇ ਨਿਰਦੇਸ਼ਾਂ ਅਨੁਸਾਰ ਐੱਸਐੱਮਓ ਡਾ. ਜਸਦੇਵ ਸਿੰਘ ਦੀ ਅਗਵਾਈ ਹੇਠ ਨੇੜਲੇ ਪਿੰਡ ਮਾਨੂੰਪੁਰ ਦੇ ਕਮਿਊਨਿਟੀ ਹੈਲਥ ਸੈਂਟਰ ਅਧੀਨ ਪੈਂਦੇ ਆਮ ਆਦਮੀ ਕਲੀਨਿਕਾਂ ਵਿੱਚ ਐਂਟੀ ਰੇਬੀਜ਼ ਵੈਕਸੀਨੇਸ਼ਨ ਦੀਆਂ ਸੇਵਾਵਾਂ ਆਰੰਭ ਕੀਤੀਆਂ ਗਈਆਂ ਹਨ। ਡਾ. ਸਤਿਆਜੀਤ ਸਿੰਘ ਤੇ ਗੁਰਦੀਪ ਸਿੰਘ ਨੇ ਦੱਸਿਆ ਕਿ ਜਾਨਵਰਾਂ ਦੇ ਕੱਟਣ ਦੀ ਸਥਿਤੀ ਵਿੱਚ ਲੋਕਾਂ ਨੂੰ ਨੇੜੇ ਇਲਾਜ ਉਪਲੱਬਧ ਕਰਵਾਉਣ ਦੇ ਉਦੇਸ਼ ਹਿਤ ਸਾਰੇ ਆਮ ਆਦਮੀ ਕਲੀਨਿਕਾਂ ਵਿੱਚ ਐਂਟੀ ਰੇਬੀਜ਼ ਵੈਕਸੀਨ ਉਪਲੱਬਧ ਕਰਵਾਈ ਗਈ ਹੈ।
ਉਨ੍ਹਾਂ ਕਿਹਾ ਕਿ ਰੇਬੀਜ਼ ਇਕ ਘਾਤਕ ਬਿਮਾਰੀ ਹੈ ਜੋ ਕੁੱਤੇ, ਬਿੱਲੀ ਅਤੇ ਹੋਰ ਜਾਨਵਰ ਦੇ ਕੱਟਣ ਕਾਰਨ ਹੁੰਦੀਹੈ। ਇਸ ਲਈ ਜਾਨਵਰ ਦੇ ਕੱਟਣ ਦੀ ਸਥਿਤੀ ਵਿਚ ਸਮੇਂ ਸਿਰ ਹਲਕਾਅ ਤੋਂ ਬਚਾਅ ਸਬੰਧੀ ਟੀਕਾਕਰਨ ਕਰਵਾਉਣਾ ਬਹੁਤ ਜ਼ਰੂਰੀ ਹੈ। ਜਾਨਵਰ ਦੇ ਕੱਟਣ ਵਾਲੇ ਦਿਨ ਤੋਂ 28ਵੇਂ ਦਿਨ ਤੱਕ ਸਡਿਊਲ ਅਨੁਸਾਰ ਹਲਕਾਅ ਤੋਂ ਬਚਾਅ ਸਬੰਧੀ ਟੀਕਾਕਰਨ ਕਰਵਾਇਆ ਜਾਵੇ ਤਾਂ ਜੋ ਬਿਮਾਰੀ ਤੋਂ ਬਚਿਆ ਜਾ ਸਕੇ। ਇਸ ਮੌਕੇ ਡਾ.ਅੱਛਰਦੀਪ ਨੰਦਾ, ਕਿਰਨਜੀਤ ਕੌਰ ਅਤੇ ਪਰਮਜੀਤ ਕੌਰ ਤੇ ਹੋਰ ਹਾਜ਼ਰ ਸਨ।