ਗੁਰੂ ਅਮਰਦਾਸ ਆਸ਼ਰਮ ’ਚ ਨਸ਼ਾ ਵਿਰੋਧੀ ਦਿਵਸ ਮਨਾਇਆ
ਪੱਤਰ ਪ੍ਰੇਰਕ
ਗੁਰੂਸਰ ਸੁਧਾਰ, 26 ਜੂਨ
ਗੁਰੂ ਅਮਰਦਾਸ ਅਪਾਹਜ ਆਸ਼ਰਮ ਸਰਾਭਾ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੌਮਾਂਤਰੀ ਨਸ਼ਾ ਵਿਰੋਧੀ ਦਿਵਸ ਮੌਕੇ ਕਰਵਾਏ ਗਏ ਸਮਾਗਮ ਵਿੱਚ ਵਿਧਾਨ ਸਭਾ ਹਲਕਾ ਲੁਧਿਆਣਾ ਦੱਖਣੀ ਤੋਂ ਵਿਧਾਇਕ ਰਾਜਿੰਦਰਪਾਲ ਕੌਰ ਛੀਨਾ, ਡਾ. ਪ੍ਰਗਤੀ ਆਈ.ਏ.ਐੱਸ (ਯੂ.ਟੀ) ਅਤੇ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਇੰਦਰਪ੍ਰੀਤ ਕੌਰ ਨੇ ਸ਼ਮੂਲੀਅਤ ਕੀਤੀ। ਵਿਧਾਇਕ ਰਾਜਿੰਦਰਪਾਲ ਕੌਰ ਛੀਨਾ ਨੇ ਨਸ਼ਾ ਵਿਰੋਧੀ ਮੁਹਿੰਮ ਵਿੱਚ ਸਰਗਰਮੀ ਨਾਲ ਸ਼ਾਮਲ ਹੋਣ ਲਈ ਪ੍ਰੇਰਿਤ ਕੀਤਾ ਉਨ੍ਹਾਂ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਨਸ਼ਿਆਂ ਵਿਰੁੱਧ ਲੜਾਈ ਨੂੰ ਲੋਕ ਲਹਿਰ ਵਜੋਂ ਵਿਕਸਤ ਕੀਤਾ ਜਾਵੇ। ਉਨ੍ਹਾਂ ਨਸ਼ਿਆਂ ਦੇ ਮਾੜੇ ਪ੍ਰਭਾਵ ਬਾਰੇ ਸਮਾਜ, ਖ਼ਾਸ ਕਰਕੇ ਨੌਜਵਾਨਾਂ ਨੂੰ ਜਾਗਰੂਕ ਕਰਨ ਲਈ ਵਿਆਪਕ ਜਾਗਰੂਕਤਾ ਗਤੀਵਿਧੀਆਂ ਦੀ ਯੋਜਨਾ ਬਣਾਉਣ ਅਤੇ ਚਲਾਉਣ 'ਤੇ ਵੀ ਜ਼ੋਰ ਦਿੱਤਾ।
ਉਨ੍ਹਾਂ ਨਸ਼ਾ ਮੁਕਤ ਭਾਰਤ ਮੁਹਿੰਮ ਤਹਿਤ ਨਸ਼ਿਆਂ ਦੀ ਸਪਲਾਈ ਲਾਈਨ ਤੋੜਨ, ਜਾਗਰੂਕਤਾ ਪਹਿਲਕਦਮੀਆਂ ਕਰਨ ਅਤੇ ਨਸ਼ਿਆਂ ਦੀ ਮੰਗ ਘਟਾਉਣ ਲਈ ਤਿੰਨ-ਪੱਖੀ ਰਣਨੀਤੀ ਉਪਰ ਅਮਲ ਕਰਨ ਦੀ ਨਸੀਹਤ ਦਿੱਤੀ। ਇਸ ਮੌਕੇ ਡਾਕਟਰ ਅਮਰਪ੍ਰੀਤ ਸਿੰਘ ਦਿਉਲ ਸਮੇਤ ਹੋਰਨਾਂ ਨੇ ਵੀ ਸੰਬੋਧਨ ਕੀਤਾ। ਸਮਾਗਮ ਦੌਰਾਨ ਨਸ਼ਿਆਂ ਨੂੰ ਰੋਕਣ ਲਈ ਸਭ ਨੂੰ ਆਪਣਾ ਬਣਦਾ ਯੋਗਦਾਨ ਪਾਉਣ ਲਈ ਸਹੁੰ ਚੁਕਾਈ ਗਈ। ਪ੍ਰਬੰਧਕਾਂ ਵੱਲੋਂ ਕਈ ਅਹਿਮ ਹਸਤੀਆਂ ਦਾ ਸਨਮਾਨ ਵੀ ਕੀਤਾ ਗਿਆ।