ਬਾਇਓ ਗੈਸ ਵਿਰੋਧੀ ਸੰਘਰਸ਼ ਤਾਲਮੇਲ ਕਮੇਟੀ ਦੀ ਮੀਟਿੰਗ ਹੋਈ
ਬਾਇਓ ਗੈਸ ਵਿਰੋਧੀ ਸੰਘਰਸ਼ ਤਾਲਮੇਲ ਕਮੇਟੀ ਦੀ ਮੀਟਿੰਗ ਕਮੇਟੀ ਦੇ ਕਨਵੀਨਰ ਸੁਖਦੇਵ ਸਿੰਘ ਭੂੰਦੜੀ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਪੰਜਾਬ ਸਰਕਾਰ ਤੋਂ ਸਾਰੇ ਬਾਇਓ ਗੈਸ ਪਲਾਂਟਾਂ ਦੀਆਂ ਪ੍ਰਾਜੈਕਟ ਰਿਪੋਰਟਾਂ ਮੁੱਹਈਆ ਕਰਾਉਣ ਦੀ ਮੰਗ ਕੀਤੀ ਗਈ।
ਮੀਟਿੰਗ ਦੀ ਕਾਰਵਾਈ ਕਮੇਟੀ ਮੈਂਬਰ ਕੰਵਲਜੀਤ ਖੰਨਾ ਨੇ ਜਾਰੀ ਕਰਦਿਆਂ ਦੱਸਿਆ ਕਿ ਮੀਟਿੰਗ ਵਿੱਚ ਜਨਹਿੱਤ ਮਾਹਿਰ ਪ੍ਰੋ. ਜਗਮੋਹਨ ਸਿੰਘ ਸਾਬਕਾ ਕੰਪਿਊਟਰ ਵਿਗਿਆਨੀ, ਡਾ. ਜਸਬੀਰ ਸਿਂਘ ਔਲਖ ਸਾਬਕਾ ਡਿਪਟੀ ਡਾਇਰੈਕਟਰ ਹੈਲਥ, ਡਾ. ਬਲਵਿੰਦਰ ਸਿੰਘ ਔਲਖ, ਲਛਮਣ ਸਿੰਘ ਕੂੰਮਕਲਾਂ, ਜਗਤਾਰ ਸਿੰਘ ਦੇਹੜਕਾ ਜ਼ਿਲ੍ਹਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਦਾ ਤੋਂ ਇਲਾਵਾ ਪਿੰਡ ਅਖਾੜਾ, ਪਿੰਡ ਭੂੰਦੜੀ, ਪਿੰਡ ਮੁਸ਼ਕਾਬਾਦ ਅਤੇ ਪਿੰਡ ਬੱਗਾ ਕਲਾਂ ਸੰਘਰਸ਼ ਮੋਰਚਿਆਂ ਦੇ ਆਗੂ ਸ਼ਾਮਲ ਹੋਏ।
ਮੀਟਿੰਗ ਨੇ ਲੰਮੀ ਵਿਚਾਰ ਚਰਚਾ ਉਪਰੰਤ ਮੰਗ ਕੀਤੀ ਕਿ ਪੰਜਾਬ ਸਰਕਾਰ ਅਖਾੜਾ ਵਾਂਗ ਬਾਕੀ ਬਾਇਓ ਗੈਸ ਪਲਾਂਟਾਂ ਦੀਆਂ ਪ੍ਰੋਜੈਕਟ ਰਿਪੋਰਟਾਂ (ਡੀਪੀਆਰ) ਵੀ ਤਾਲਮੇਲ ਕਮੇਟੀ ਨੂੰ ਉਪਲਬਧ ਕਰਵਾਏ ਤਾਂ ਕਿ ਉਨਾਂ ਰਿਪੋਰਟਾਂ ਦਾ ਅਧਿਐਨ ਕਰਕੇ ਸਾਰਥਕ ਚਰਚਾ ਕੀਤੀ ਜਾ ਸਕੇ। ਇਸਤੋਂ ਬਿਨਾਂ ਕਮੇਟੀ ਨੇ ਸਰਕਾਰੀ ਧਿਰ ਦੇ ਮਾਹਿਰਾਂ ਨਾਲ ਤਾਲਮੇਲ ਕਮੇਟੀ ਦੀਆਂ ਹੋਈਆਂ ਚਾਰ ਮੀਟਿੰਗਾਂ ਦੇ ਵੇਰਵੇ ਮੁਤਾਬਕ ਕਾਰਵਈ ਅਮਲ ਵਿੱਚ ਲਿਆਉਣ ਦੀ ਮੰਗ ਵੀ ਕੀਤੀ।
ਉਨਾਂ ਦੱਸਿਆ ਕਿ 31 ਅਗਸਤ ਨੂੰ ਸਾਂਝੀ ਕਮੇਟੀ ਦੀ ਮੀਟਿੰਗ ਵਿੱਚ ਤਾਲਮੇਲ ਕਮੇਟੀ ਦੇ ਮਾਹਿਰ ਸਰਕਾਰੀ ਧਿਰ ਤੋਂ ਇਨਾਂ ਬਾਇਓ ਗੈਸ ਪਲਾਂਟਾਂ ਦਾ ਜਨ ਸਿਹਤ, ਵਾਤਾਵਰਣ, ਪਾਣੀ, ਮਿੱਟੀ, ਹਵਾ ’ਤੇ ਪੈਣ ਵਾਲੇ ਪ੍ਰਭਾਵਾਂ ਬਾਰੇ ਖੁਲ੍ਹ ਕੇ ਚਰਚਾ ਕੀਤੀ ਜਾਵੇਗੀ ਕਿਉਂਕਿ ਤਾਲਮੇਲ ਕਮੇਟੀ ਦਾ ਮਤ ਹੈ ਕਿ ਇਹ ਬਾਇਓ ਗੈਸ ਪਲਾਂਟ ਅਜਲ ਵਿੱਚ ਕੈੰਸਰ ਅਤੇ ਜਾਨਲੇਵਾ ਬੀਮਾਰੀਆ ਪੈਦਾ ਕਰਨ ਵਾਲੇ ਪਲਾਂਟ ਹਨ।