ਤੀਰਥ ਵਿੱਚ ਹੋਈ ਬੇਅਦਬੀ ਸਬੰਧੀ ਅਰਦਾਸ ਦਿਵਸ ਦਾ ਐਲਾਨ
ਵਾਲਮੀਕਿ ਸਮਾਜ ਵੱਲੋਂ 30 ਨਵੰਬਰ ਨੂੰ ਅੰਮ੍ਰਿਤਸਰ ਵਿੱਚ ਪਸ਼ਚਾਤਾਪ ਲਈ ਕੀਤੀ ਜਾਵੇਗੀ ਅਦਰਾਸ
ਵਾਲਮੀਕਿ ਸਮਾਜ ਨੇ ਬੀਤੀ 27 ਅਕਤੂਬਰ ਨੂੰ ਭਗਵਾਨ ਵਾਲਮੀਕਿ ਤੀਰਥ ਵਿੱਚ ਝੰਡਾ ਚੜਾਉਣ ਸਬੰਧੀ ਹੋਈ ਬੇਅਦਬੀ ਦੇ ਰੋਸ ਵਜੋਂ ਅਰਦਾਸ ਦਿਵਸ ਮਨਾਉਣ ਦਾ ਫ਼ੈਸਲਾ ਕੀਤਾ ਹੈ ਜਿਸ ਤਹਿਤ ਸਮੁੱਚਾ ਵਾਲਮੀਕਿ ਸਮਾਜ 30 ਨਵੰਬਰ ਨੂੰ ਵਾਲਮੀਕਿ ਤੀਰਥ ਅੰਮ੍ਰਿਤਸਰ ਵਿੱਚ ਪਸ਼ਚਾਤਾਪ ਦੀ ਅਦਰਾਸ ਕਰੇਗਾ।
ਅੱਜ ਡਾ. ਅੰਬੇਡਕਰ ਭਵਨ ਸਲੇਮ ਟਾਬਰੀ ਵਿੱਚ ਹੋਈ ਮੀਟਿੰਗ ਦੌਰਾਨ ਪੰਜਾਬ ਭਰ ’ਚੋਂ ਆਏ ਆਗੂਆਂ ਦੀ ਹੰਗਾਮੀ ਮੀਟਿੰਗ ਦੌਰਾਨ ਦੇਸ਼ ਭਰ ਤੋਂ ਪੁੱਜੇ ਆਗੂਆਂ ਵੱਲੋਂ ਬੇਅਦਬੀ ਬਾਰੇ ਖੁੱਲ੍ਹ ਕੇ ਚਰਚਾ ਕੀਤੀ ਗਈ। ਇਸ ਮੌਕੇ ਆਗੂਆਂ ਨੇ ਕਿਹਾ ਕਿ ਬੀਤੀ 27 ਅਕਤੂਬਰ ਨੂੰ ਭਗਵਾਨ ਵਾਲਮੀਕਿ ਤੀਰਥ ਵਿੱਚ ਕੁੱਝ ਵਿਅਕਤੀਆਂ ਵੱਲੋਂ ਝੰਡਾ ਚੜ੍ਹਾਉਣ ਦੇ ਨਾਮ ’ਤੇ ਤੀਰਥ ਵਿਖੇ ਹੁੱਲੜਬਾਜ਼ੀ, ਹਥਿਆਰਾਂ ਦੀ ਨੁਮਾਇਸ਼ ਅਤੇ ਮੂਰਤੀ ਦੀ ਜੋ ਬੇਅਦਬੀ ਕੀਤੀ ਗਈ ਹੈ ਇਹ ਬਹੁਤ ਹੀ ਨਿੰਦਣਯੋਗ ਘਟਨਾ ਹੈ। ਉਨ੍ਹਾਂ ਕਿਹਾ ਕਿ ਬੇਅਦਬੀ ਹੋਈ ਨਾਲ ਸਮੁੱਚੀ ਵਾਲਮੀਕਿ ਕੌਮ ਨੂੰ ਠੇਸ ਪੁੱਜੀ ਹੈ। ਉਨ੍ਹਾਂ ਕਿਹਾ ਕਿ ਵਾਲਮੀਕਿ ਸਮਾਜ ਵੱਲੋਂ ਇਸ ਸਬੰਧੀ 4 ਤੇ 5 ਨਵੰਬਰ ਨੂੰ ਮੁੱਖ ਮੰਤਰੀ ਦੇ ਪੁਤਲੇ ਫ਼ੂਕਣ ਅਤੇ ਬੰਦ ਦਾ ਐਲਾਨ ਕੀਤਾ ਗਿਆ ਸੀ ਜੋ ਕਿ ਲਵ-ਕੁਸ਼ ਵਿਜੈ ਦਿਵਸ ਅਤੇ ਗੁਰਪੁਰਬ ਨੂੰ ਧਿਆਨ ਵਿੱਚ ਰੱਖਦੇ ਹੋਏ ਮੁਲਤਵੀ ਕਰ ਦਿੱਤਾ ਗਿਆ ਸੀ ਪ੍ਰੰਤੂ ਫ਼ਿਰ ਵੀ ਪੰਜਾਬ ਸਰਕਾਰ ਵਾਲਮੀਕਿ ਸਮਾਜ ਦੀ ਆਵਾਜ਼ ਨੂੰ ਸੁਣਨ ਲਈ ਬਿਲਕੁਲ ਵੀ ਤਿਆਰ ਨਹੀਂ ਹੈ। ਇਸ ਮੌਕੇ ਨਰੇਸ਼ ਧੀਂਗਾਨ ਨੇ ਦੱਸਿਆ ਕਿ ਵਾਲਮੀਕਿ ਸਮਾਜ ਦੇ ਸਮੂਹ ਧਾਰਮਿਕ ਗੁਰੂਆਂ, ਸੰਤਾਂ, ਮਹਾਂਪੁਰਸ਼ਾਂ ਅਤੇ ਰਾਜਨੀਤਿਕ ਆਗੂਆਂ ਵੱਲੋਂ ਸਰਬਸੰਮਤੀ ਨਾਲ ਪਸ਼ਚਾਤਾਪ ਦੀ ਅਦਰਾਸ ਕੀਤੀ ਜਾਵੇਗੀ ਅਤੇ ਉਸ ਤੋਂ ਬਾਅਦ ਹੀ ਅਗਲੇ ਪ੍ਰੋਗਰਾਮ ਦਾ ਐਲਾਨ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਮੀਟਿੰਗ ਦੌਰਾਨ 11 ਸੰਤਾਂ , ਮਹਾਂਪੁਰਸ਼ਾਂ ਦੀ 11 ਮੈਂਬਰੀ ਕਮੇਟੀ ਅਤੇ ਸਮਾਜਿਕ ਆਗੂਆਂ ਦੀ 21 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ ਜੋ ਇਸ ਸੰਘਰਸ਼ ਨੂੰ ਹੋਰ ਤੇਜ਼ ਕਰਨ ਲਈ ਸਾਰੀ ਜ਼ਿੰਮੇਵਾਰੀ ਆਪਣੇ ਮੋਢਿਆਂ ’ਤੇ ਲੈ ਕੇ ਚੱਲੇਗਾ। ਉਨ੍ਹਾਂ ਸਮੁੱਚੀ ਵਾਲਮੀਕਿਨ ਕੌਮ ਨੂੰ 30 ਨਵੰਬਰ ਨੂੰ ਤੀਰਥ ਵਿੱਚ ਪੁੱਜਣ ਦੀ ਅਪੀਲ ਕੀਤੀ ਹੈ। ਇਸ ਮੌਕੇ ਦਰਸ਼ਨ ਰਤਨ ਰਾਵਣ, ਸੁਆਮੀ ਚੰਦਰ ਪਾਲ ਅਨਾਰੀਆ , ਨਰੇਸ਼ ਧੀਂਗਾਨ, ਚੌਧਰੀ ਯਸ਼ਪਾਲ, ਸੰਜੀਵ ਖੰਡੂ, ਸ਼ਿਵ ਕੁਮਾਰ ਬਿਡਲਾ, ਵਿਜੇ ਦਿਸਾਵਰ, ਅਰੁਣ ਸਿੱਧੂ, ਪਿਆਰੇ ਲਾਲ ਅਣਜਾਣ ਹਾਜ਼ਰ ਸਨ।

