ਮਾਣੂੰਕੇ ਖ਼ਿਲਾਫ਼ ਕੂੜ ਪ੍ਰਚਾਰ ਕਰਨ ਵਾਲਿਆਂ ਵਿਰੁੱਧ ਕਾਨੂੰਨੀ ਕਾਰਵਾਈ ਦਾ ਐਲਾਨ
‘ਆਪ’ ਆਗੂ ਅਤੇ ਹਲਕਾ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਦੇ ਪਤੀ ਪ੍ਰੋ. ਸੁਖਵਿੰਦਰ ਸੁੱਖੀ ਨੇ ਕੋਠੀ ਵਿਵਾਦ ਵਿੱਚ ਪਿਛਲੇ ਸਮੇਂ ਦੌਰਾਨ ਕੂੜ ਪ੍ਰਚਾਰ ਕਰਨ ਵਾਲਿਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਨ ਦਾ ਐਲਾਨ ਕੀਤਾ ਹੈ। ਹਾਈ ਕੋਰਟ ਵੱਲੋਂ ਇਕ ਪਰਵਾਸੀ ਪੰਜਾਬੀ ਦੀ ਕੋਠੀ ’ਤੇ ਕਬਜ਼ੇ ਦੇ ਮਾਮਲੇ ਵਿੱਚ ਸੀਬੀਆਈ ਜਾਂਚ ਦੀ ਮੰਗ ਰੱਦ ਕਰਨ ਅਤੇ ਵਿਧਾਇਕਾ ਮਾਣੂੰਕੇ ਨੂੰ ਰਾਹਤ ਦੇਣ ਤੋਂ ਬਾਅਦ ਅੱਜ ਇਹ ਐਲਾਨ ਕੀਤਾ ਗਿਆ ਹੈ। ਪ੍ਰੋ. ਸੁੱਖੀ ਨੇ ਕਿਹਾ ਕਿ ਉੱਚ ਅਦਾਲਤ ਦੇ ਫ਼ੈਸਲੇ ਨੇ ਉਨ੍ਹਾਂ ਦੇ ਪਰਿਵਾਰ ਨੂੰ ਵੱਡੀ ਰਾਹਤ ਦਿੱਤੀ ਹੈ ਅਤੇ ਇਸ ਸਬੰਧ ਵਿੱਚ ਲਾਏ ਗਏ ਦੋਸ਼ ਗਲਤ ਸਾਬਤ ਹੋਏ ਹਨ।
ਉਨ੍ਹਾਂ ਕਿਹਾ ਕਿ ਹੁਣ ਉਹ ਕੋਠੀ ’ਤੇ ਕਬਜ਼ੇ ਵਾਲੇ ਮਾਮਲੇ ਵਿੱਚ ਕੂੜ ਪ੍ਰਚਾਰ ਕਰਨ ਅਤੇ ਮਨਘੜ੍ਹਤ ਖ਼ਬਰਾਂ ਲਾਉਣ ਵਾਲਿਆਂ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕਰਨਗੇ। ਇਸ ਮਾਮਲੇ ਵਿੱਚ ਜਿਨ੍ਹਾਂ ਨੇ ਸੋਸ਼ਲ ਮੀਡੀਆ ’ਤੇ ਕੂੜ ਪ੍ਰਚਾਰ ਕਰਕੇ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਉਨ੍ਹਾਂ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਕਿ ਆਮ ਘਰਾਂ ਵਿੱਚੋਂ ਉੱਠ ਕੇ ਲੋਕ ਸੇਵਾ ਲਈ ਸਿਆਸਤ ਵਿੱਚ ਆਏ ਸਾਧਾਰਨ ਪਰਿਵਾਰਾਂ ਦੇ ਧੀਆਂ ਪੁੱਤ ਕੁਝ ਲੋਕਾਂ ਤੋਂ ਬਰਦਾਸ਼ਤ ਨਹੀਂ ਹੁੰਦੇ। ਅਜਿਹੇ ਮਾੜੀ ਸੋਚ ਵਾਲੇ ਲੋਕ ਹੀ ਕਿਸੇ ਨਾ ਕਿਸੇ ਬਹਾਨੇ ਵਿਧਾਇਕਾ ਮਾਣੂੰਕੇ ਨੂੰ ਬਦਨਾਮ ਕਰਨ ਦੀਆਂ ਸਾਜਿਸ਼ਾਂ ਘੜਦੇ ਰਹਿੰਦੇ ਹਨ। ਇਸ ਲਈ ਹੁਣ ਕਿਸੇ ਨਾਲ ਵੀ ਨਰਮਾਈ ਨਹੀਂ ਹੋਵੇਗੀ, ਸਗੋਂ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।