DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਇਜਲਾਸ ਮੌਕੇ ਲੁਧਿਆਣਾ ਦਿਹਾਤੀ ਦੇ ਡੈਲੀਗੇਟਾਂ ਦਾ ਐਲਾਨ

ਸ਼੍ਰੋਮਣੀ ਕਮੇਟੀ ਚੋਣਾਂ ਲਡ਼ਨ ਦੀ ਗੱਲ ਆਖੀ; ਲੈਂਡ ਪੂਲਿੰਗ ਨੀਤੀ ਖ਼ਿਲਾਫ਼ ਵਿਰੋਧ ਦਰਜ ਕਰਵਾਇਆ
  • fb
  • twitter
  • whatsapp
  • whatsapp
featured-img featured-img
ਡੈਲੀਗੇਟਾਂ ਦੀ ਚੋਣ ਮੌਕੇ ਕਾਨਫਰੰਸ ਦੌਰਾਨ ਹਾਜ਼ਰ ਆਗੂ।
Advertisement

ਮੁੱਲਾਂਪੁਰ ਵਿੱਚ ਲੁਧਿਆਣਾ ਦਿਹਾਤੀ ਦੇ ਡੈਲੀਗੇਟਾਂ ਦੇ ਐਲਾਨ ਵੇਲੇ ਭਰਵੀਂ ਕਾਨਫਰੰਸ ਦਾਖਾ ਦੇ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਦੀ ਅਗਵਾਈ ਹੇਠ ਹੋਈ। ਇਸ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲੜਨ ਦਾ ਐਲਾਨ ਹੋਇਆ। ਭਰਵੇਂ ਇਕੱਠ ਨੇ ਲੈਂਡ ਪੂਲਿੰਗ ਨੀਤੀ ਖ਼ਿਲਾਫ਼ ਵੀ ਵਿਰੋਧ ਦਰਜ ਕਰਵਾਇਆ। ਇਸ ਮੌਕੇ ਹਲਕਾ ਦਾਖਾ ਦੇ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਦਾ ਨਾਂ ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਇਸ ਧੜੇ ਦੀ 11 ਅਗਸਤ ਨੂੰ ਹੋਣ ਵਾਲੀ ਚੋਣ ਸਮੇਂ ਬਤੌਰ ਪ੍ਰਧਾਨ ਵਜੋਂ ਅੱਗੇ ਵਧਾਇਆ ਤਾਂ ਆਪਣੇ ਭਾਸ਼ਣ ਸਮੇਂ ਵਿਧਾਇਕ ਇਆਲੀ ਨੇ ਕਿਹਾ ਕਿ ਉਨ੍ਹਾਂ ਤੋਂ ਸੀਨੀਅਰ, ਤਜ਼ਰਬੇਕਾਰ, ਗੁਰਸਿੱਖ ਤੇ ਨਿੱਤਨੇਮੀ ਨੂੰ ਹੀ ਪ੍ਰਧਾਨ ਚੁਣਿਆ ਜਾਵੇ। ਜ਼ਿਲ੍ਹਾ ਚੋਣ ਅਬਜ਼ਰਵਰ ਸੰਤਾ ਸਿੰਘ ਉਮੈਦਪੁਰੀ ਵੱਲੋਂ ਹਾਜ਼ਰ ਸੰਗਤ ਦੀ ਪ੍ਰਵਾਨਗੀ ਨਾਲ ਜ਼ਿਲ੍ਹਾ ਤੇ ਸਟੇਟ ਪੱਧਰ ਦੇ ਡੈਲੀਗੇਟ ਸਰਬਸੰਮਤੀ ਨਾਲ ਚੁਣ ਲਏ ਗਏ।

Advertisement

ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਨੇ ਚੁਣੇ ਗਏ ਸਮੂਹ ਡੈਲੀਗੇਟਾਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਅਸਲੀ ਅਕਾਲੀ ਜਥੇਬੰਦੀ ਨੂੰ ਦੁਬਾਰਾ ਮਜ਼ਬੂਤ ਕੀਤਾ ਜਾਵੇ, ਜੋ ਪੰਥ, ਪੰਜਾਬ ਅਤੇ ਕਿਸਾਨੀ ਦੇ ਹੱਕਾਂ ਦੀ ਰਾਖੀ ਕਰਨ ਲਈ ਹਰ ਤਰ੍ਹਾਂ ਦੀ ਕੁਰਬਾਨੀ ਕਰਨ ਦਾ ਜਜ਼ਬਾ ਰੱਖਦੀ ਹੋਵੇ। ਵਿਧਾਇਕ ਇਆਲੀ ਨੇ ਕਿਹਾ ਕਿ ਅੱਜ ਤਕ ਸ਼੍ਰੋਮਣੀ ਅਕਾਲੀ ਦਲ ਨੂੰ ਲੀਡਰ ਤਾਂ ਬਹੁਤ ਮਿਲੇ ਪਰ ਸਮਰਪਿਤ ਅਤੇ ਪ੍ਰਤੀਬੱਧ ਸੇਵਾਦਾਰ ਨਹੀਂ ਮਿਲਿਆ। ਨਵੀਂ ਭਰਤੀ ਅਤੇ ਡੈਲੀਗੇਟ ਚੋਣ ਰਾਹੀਂ ਸੱਚੇ ਨਿਸ਼ਕਾਮ ਸੇਵਾਦਾਰ ਪਾਰਟੀ ਦੇ ਅੱਗੇ ਲਿਆਂਦੇ ਜਾ ਰਹੇ ਹਨ। ਉਨ੍ਹਾਂ ਮੰਚ ਤੋਂ ਪੰਜਾਬ ਸਰਕਾਰ ਵਲੋਂ ਲਿਆਂਦੀ ਲੈਂਡ ਪੁਲਿੰਗ ਨੀਤੀ ਨੂੰ ਕਿਸਾਨੀ ਉਜਾੜ ਯੋਜਨਾ ਕਰਾਰ ਦਿੰਦਿਆਂ ਅਕਾਲੀ ਵਰਕਰਾਂ ਤੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਇਸ ਖ਼ਿਲਾਫ਼ ਪੂਰਾ ਮੋਰਚਾ ਲਾਇਆ ਜਾਵੇ। ਅਕਾਲੀ ਦਲ ਦੇ ਵਰਕਰਾਂ ਨੇ ਬਾਹਾਂ ਖੜ੍ਹੀਆਂ ਕਰਕੇ ਸਰਕਾਰ ਖ਼ਿਲਾਫ਼ ਲੜਾਈ ਨੂੰ ਤੇਜ਼ ਕਰਨ ਦੀ ਸਹੁੰ ਖਾਦੀ। ਇਕੱਤਰਤਾ ਨੂੰ ਸੰਤਾ ਸਿੰਘ ਉਮੈਦਪੁਰੀ, ਵਿਧਾਇਕ ਦਰਸ਼ਨ ਸਿੰਘ ਸ਼ਿਵਾਲਿਕ, ਅਮਰਜੀਤ ਸਿੰਘ ਮੁੱਲਾਂਪੁਰ, ਜਥੇਦਾਰ ਮੱਘਰ ਸਿੰਘ ਵੜੈਚ, ਮਨਜਿੰਦਰ ਸਿੰਘ ਭਿੰਦਾ ਭੁਮਾਲ, ਬੀਬੀ ਸੁਰਿੰਦਰ ਕੌਰ ਦਿਆਲ, ਪ੍ਰਧਾਨ ਬਿੰਦਰ ਮਨੀਲਾ, ਗੁਰਬੰਤ ਸਿੰਘ ਰਛੀਨ , ਜਗਤਾਰ ਸਿੰਘ ਭੈਣੀ, ਭਰਪੂਰ ਸਿੰਘ ਧਾਂਦਰਾ, ਮਨਜਿੰਦਰ ਸਿੰਘ ਡੱਲਾ ਆਦਿ ਨੇ ਸੰਬੋਧਨ ਕੀਤਾ।

Advertisement
×