ਰਾੜਾ ਸਾਹਿਬ ਸੰਪਰਦਾਏ ਦੇ ਬਾਨੀ ਸੰਤ ਈਸ਼ਰ ਸਿੰਘ ਰਾੜਾ ਸਾਹਿਬ ਵਾਲਿਆਂ ਦੇ 50ਵੀਂ ਬਰਸੀ ਦੇ ਸਮਾਗਮ ਅੱਜ ਗੁਰਦੁਆਰਾ ਕਰਮਸਰ ਰਾੜਾ ਸਾਹਿਬ ਵਿੱਚ ਸੰਤ ਬਲਜਿੰਦਰ ਸਿੰਘ ਰਾੜਾ ਸਾਹਿਬ ਵਾਲਿਆਂ ਦੀ ਅਗਵਾਈ ਹੇਠ ਸ਼ੁਰੂ ਹੋਏ। ਇਸ ਮੌਕੇ ਅੰਮ੍ਰਿਤ ਵੇਲੇ ਅਖੰਡ ਪਾਠ ਆਰੰਭ ਹੋਏ ਮਗਰੋਂ ਰਾੜਾ ਸਾਹਿਬ ਸਕੂਲ ਦੀਆਂ ਵਿਦਿਆਰਥਣਾਂ, ਕਵੀਸ਼ਰੀ ਜਥਿਆਂ ਅਤੇ ਰਾਗੀ-ਢਾਡੀ ਜਥਿਆਂ ਨੇ ਕੀਰਤਨ ਕੀਤਾ।
ਸੰਤ ਬਲਜਿੰਦਰ ਸਿੰਘ ਨੇ ਕਿਹਾ ਕਿ ਸੰਤ ਈਸ਼ਰ ਸਿੰਘ ਨੇ ਰਾੜੇ ਦੀ ਧਰਤੀ ’ਤੇ ਜੰਗਲ ਵਿੱਚ ਮੰਗਲ ਲਾਏ ਤ। ਦੇਸ਼-ਵਿਦੇਸ਼ ਵਿੱਚ ਲੱਖਾਂ ਪ੍ਰਾਣੀਆਂ ਨੂੰ ਅੰਮ੍ਰਿਤਪਾਨ ਕਰਵਾਇਆ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬਾਨ ਦੇ ਦਰਸਾਏ ਮਾਰਗ ’ਤੇ ਚੱਲਦੇ ਹੋਏ ਕਿਰਤ ਕਰੋ, ਨਾਮ ਜੱਪੋ, ਵੰਡ ਛੱਕੋ ਅਤੇ ਸਬਦ ਗੁਰੂ ਨਾਲ ਜੁੜਨ ਦਾ ਸੰਦੇਸ਼ ਦਿੱਤਾ। ਸੰਤ ਈਸ਼ਰ ਸਿੰਘ ਮੈਮੋਰੀਅਲ ਪਬਲਿਕ ਸਕੂਲ ਕਰਮਸਰ ਦੀਆਂ ਵਿਦਿਆਰਥਣਾਂ ਨੇ ਕਿਹਾ ਕਿ ਸਾਨੂੰ ਗੁਰੂ ਸਾਹਿਬਾਨ ਦੇ ਦਰਸਾਏ ਮਾਰਗ ’ਤੇ ਚੱਲਣਾ ਚਾਹੀਦਾ ਹੈ। ਇਸ ਮੌਕੇ ਭਾਈ ਗੁਰਦੀਪ ਸਿੰਘ, ਭਾਈ ਹਰਜੋਤ ਸਿੰਘ ਕੁੱਪ ਖੁਰਦ, ਭਾਈ ਜਗਦੇਵ ਸਿੰਘ, ਭਾਈ ਚਰਨਜੀਤ ਸਿੰਘ, ਭਾਈ ਗਗਨਦੀਪ ਸਿੰਘ ਘੁਡਾਣੀ, ਭਾਈ ਦਰਸ਼ਨ ਸਿੰਘ ਛਾਜਲੀ, ਭਾਈ ਪਰਮਜੀਤ ਸਿੰਘ ਧਮੋਟ, ਭਾਈ ਬਰਖੁਰਦਾਰ ਸਿੰਘ, ਭਾਈ ਪ੍ਰਿਤਪਾਲ ਸਿੰਘ ਭੜੀ, ਭਾਈ ਪਲਵਿੰਦਰ ਸਿੰਘ, ਭਾਈ ਲਾਭ ਸਿੰਘ ਕਵੀ, ਬੀਬੀ ਦੇਵਿੰਦਰ ਕੌਰ ਨੱਥੋਵਾਲ, ਭਾਈ ਹਰਪ੍ਰੀਤ ਸਿੰਘ ਹਰਗਣਾ, ਭਾਈ ਗੁਰਵਿੰਦਰ ਸਿੰਘ ਚਹਿਲਾਂ, ਭਾਈ ਮੁਖਤਿਆਰ ਸਿੰਘ ਰੁੜਕੀ, ਬੀਬੀ ਅਮਰਜੀਤ ਕੌਰ, ਭਾਈ ਸੁਖਦੇਵ ਸਿੰਘ, ਭਾਈ ਰਘਵੀਰ ਸਿੰਘ ਮੰਨਵੀ ਅਤੇ ਅਜੈਬ ਸਿੰਘ ਗਲਵੱਟੀ ਦੇ ਜੱਥਿਆਂ ਨੇ ਸੰਗਤ ਨੂੰ ਗੁਰਇਤਿਹਾਸ ਨਾਲ ਜੋੜਿਆ।
ਇੱਥੇ ਇਹ ਵੀ ਦੱਸਣਯੋਗ ਹੈ ਕਿ ਗੁਰੂ-ਘਰ ਦੇ ਟਰੱਸਟੀਆਂ, ਸਕਿਓਰਿਟੀ, ਸੇਵਾਦਾਰਾਂ ਅਤੇ ਪੁਲੀਸ ਪ੍ਰਸ਼ਾਸਨ ਵੱਲੋਂ ਬਰਸੀ ਵਿੱਚ ਪਹੁੰਚਣ ਵਾਲੀ ਸੰਗਤ ਨੂੰ ਮੱਦੇਨਜ਼ਰ ਰੱਖਦਿਆਂ ਪੁਖ਼ਤਾ ਪ੍ਰਬੰਧ ਕਰੜੇ ਕੀਤੇ ਗਏ ਹਨ ਤਾਂ ਜੋ ਆਉਣ ਵਾਲੀ ਸੰਗਤਾਂ ਨੂੰ ਕੋਈ ਦਿੱਕਤ ਨਾ ਆਵੇ। ਸਕੂਲ ਵੱਲੋਂ ਸਟੇਜ ਸੰਚਾਲਨ ਦੀ ਸੇਵਾ ਵਿਦਿਆਰਥਣ ਕਿਰਨਜੋਤ ਕੌਰ ਨੇ ਨਿਭਾਈ।