ਪ੍ਰਧਾਨ ਦੇ ਅਹੁਦੇ ਤੋਂ ਹਟਾਏ ਰਾਣਾ ਦੇ ਗ੍ਰਹਿ ਪੁੱਜੇ ਅੰਮ੍ਰਿਤਾ ਵੜਿੰਗ
ਕਾਂਗਰਸ ਪਾਰਟੀ ਦੇ ਨਾਲ ਖੜ੍ਹੇ ਹੋਣ ਦਾ ਭਰੋਸਾ ਦਿਵਾਇਆ
ਨਗਰ ਕੌਂਸਲ ਜਗਰਾਉਂ ਦੇ ਕਾਂਗਰਸ ਪਾਰਟੀ ਨਾਲ ਸਬੰਧਤ ਪ੍ਰਧਾਨ ਜਤਿੰਦਰ ਪਾਲ ਰਾਣਾ ਨੂੰ ਦੂਜੀ ਵਾਰ ਅਹੁਦੇ ਤੋਂ ਹਟਾਏ ਜਾਣ ਤੋਂ ਚਾਰ ਦਿਨ ਬਾਅਦ ਅੱਜ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਪਤਨੀ ਤੇ ਕਾਂਗਰਸੀ ਆਗੂ ਅੰਮ੍ਰਿਤ ਵੜਿੰਗ ਉਨ੍ਹਾਂ ਦੇ ਗ੍ਰਹਿ ਵਿਖੇ ਪੁੱਜੇ। ਉਨ੍ਹਾਂ ਕਿਹਾ ਕਿ ਇਸ ਔਖੀ ਘੜੀ ਵਿੱਚ ਪੂਰੀ ਕਾਂਗਰਸ ਪਾਰਟੀ ਕਾਮਰੇਡ ਭਰਾਵਾਂ ਤੇ ਪਰਿਵਾਰ ਨਾਲ ਖੜ੍ਹੀ ਹੈ। ਇਸ ਕਾਰਵਾਈ ਨੂੰ ਸਿਰੇ ਦੀ ਘਟੀਆ ਤੇ ਸਿਆਸੀ ਬਦਲਾਖੋਰੀ ਵਾਲੀ ਕਰਾਰ ਦਿੰਦਿਆਂ ਅੰਮ੍ਰਿਤ ਵੜਿੰਗ ਨੇ ਕਿਹਾ ਕਿ ਇੰਨਾ ਧੱਕਾ ਅੱਜ ਤੱਕ ਕਿਸੇ ਵੀ ਸਰਕਾਰ ਵੇਲੇ ਨਹੀਂ ਹੋਇਆ। ਲੋਕ ਅਕਾਲੀ ਸਰਕਾਰ ਸਮੇਂ ਦੀ ਧੱਕੇਸ਼ਾਹੀ ਨੂੰ ਹੁਣ ਤਕ ਯਾਦ ਕਰਿਆ ਕਰਦੇ ਸਨ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਉਸ ਨੂੰ ਵੀ ਮਾਤ ਪਾ ਦਿੱਤੀ ਹੈ। ਅੰਮ੍ਰਿਤਾ ਵੜਿੰਗ ਨੇ ਕਿਹਾ ਕਿ ਕਾਂਗਰਸ ਸਰਕਾਰ ਆਉਣ ’ਤੇ ਅਜਿਹੀ ਗਲਤ ਕਾਰਵਾਈ ਕਰਨ ਵਾਲੇ ਅਧਿਕਾਰੀਆਂ ਖ਼ਿਲਾਫ਼ ਲਾਜ਼ਮੀ ਤੌਰ ’ਤੇ ਕਾਰਵਾਈ ਹੋਵੇਗੀ। ਉਨ੍ਹਾਂ ਕਿਹਾ ਕਿ ਜਤਿੰਦਰ ਪਾਲ ਰਾਣਾ ਇਕ ਈਮਾਨਦਾਰ ਆਗੂ ਹਨ ਅਤੇ ਉਨ੍ਹਾਂ ਦੀ ਈਮਾਨਦਾਰੀ ਕਰਕੇ ਹੀ ਕਾਂਗਰਸ ਨੇ ਨਗਰ ਕੌਂਸਲ ਵਿੱਚ ਬਹੁਮਤ ਮਿਲਣ ’ਤੇ ਪ੍ਰਧਾਨ ਚੁਣਿਆ ਸੀ। ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ’ਤੇ ਵੀ ਨਿਸ਼ਾਨਾ ਸੇਧਿਆ ਅਤੇ ਕਿਹਾ ਕਿ ਉਹ ਈਮਾਨਦਾਰੀ ਦਾ ਢੰਡੋਰਾ ਪਿੱਟਦੇ ਹਨ ਤਾਂ ਫੇਰ ਜਗਰਾਉਂ ਵਿੱਚ ਕੀ ਉਨ੍ਹਾਂ ਦੀ ਨਹੀਂ ਚੱਲਦੀ। ਅੰਮ੍ਰਿਤਾ ਵੜਿੰਗ ਦੇ ਨਾਲ ਸਾਬਕਾ ਵਿਧਾਇਕ ਜਗਤਾਰ ਸਿੰਘ ਜੱਗਾ ਹਿੱਸੋਵਾਲ, ਜ਼ਿਲ੍ਹਾ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਕਰਨਜੀਤ ਸਿੰਘ ਸੋਨੀ ਗਾਲਿਬ ਤੋਂ ਇਲਾਵਾ ਬਲਾਕ ਪ੍ਰਧਾਨ ਹਰਪ੍ਰੀਤ ਸਿੰਘ ਧਾਲੀਵਾਲ, ਦਿਹਾਤੀ ਪ੍ਰਧਾਨ ਨਵਦੀਪ ਗਰੇਵਾਲ ਵੀ ਪਹੁੰਚੇ ਹੋਏ ਸਨ। ਸੋਨੀ ਗਾਲਿਬ ਨੇ ਇਸ ਸਮੇਂ ਪ੍ਰਧਾਨ ਰਾਣਾ ਦੇ ਕੌਂਸਲਰ ਭਰਾ ਕਾਮਰੇਡ ਰਵਿੰਦਰਪਾਲ ਸਿੰਘ ਰਾਜੂ ਦੀ ਹਾਜ਼ਰੀ ਵਿੱਚ ਅੰਮ੍ਰਿਤਾ ਵੜਿੰਗ ਨੂੰ ਦੱਸਿਆ ਕਿ ਇਹ ਕਾਮਰੇਡ ਭਰਾ ਹੀ ਸਨ ਜਿਹੜੇ ਸਰਕਾਰ ਦੇ ਧੱਕੇ ਅੱਗੇ ਧਾਕੜ ਹੋਣ ਕਰਕੇ ਹੁਣ ਤਕ ਡਟੇ ਰਹੇ। ਉਨ੍ਹਾਂ ਕਿਹਾ ਕਿ ਕਾਮਰੇਡ ਪਰਿਵਾਰ ਹਮੇਸ਼ਾ ਬੇਇਨਸਾਫ਼ੀ ਤੇ ਧੱਕੇਸ਼ਾਹੀ ਖ਼ਿਲਾਫ਼ ਲੜਦਾ ਰਿਹਾ ਹੈ ਅਤੇ ਹੁਣ ਆਪਣੇ ’ਤੇ ਪਈ ਭੀੜ ਮੌਕੇ ਵੀ ਇਹ ਤਕੜੇ ਹੋ ਕੇ ਇਸ ਸੰਕਟ ਵਿੱਚੋਂ ਨਿੱਕਲਣਗੇ। ਪ੍ਰਧਾਨ ਰਾਣਾ ਤੇ ਭਰਾ ਕੌਂਸਲਰ ਰਾਜੂ ਕਾਮਰੇਡ ਨੇ ਇਸ ਸਮੇਂ ਕੁਝ ਕਾਂਗਰਸੀ ਕੌਂਸਲਰਾਂ ਦੇ ਸਾਥ ਨਾ ਦੇਣ ਅਤੇ ਉਲਟਾ ਸੱਤਾਧਾਰੀ ਧਿਰ ਦੀ ਝੋਲੀ ਪੈ ਜਾਣ ਦਾ ਰੋਸ ਜ਼ਾਹਰ ਕੀਤਾ।

