ਅੰਮ੍ਰਿਤਾ ਵੜਿੰਗ ਵੱਲੋਂ ਸੰਤ ਬਲਜਿੰਦਰ ਸਿੰਘ ਦੇ ਦੇਹਾਂਤ ’ਤੇ ਦੁੱਖ ਦਾ ਪ੍ਰਗਟਾਵਾ
ਮੈਂਬਰ ਪਾਰਲੀਮੈਂਟ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਪਤਨੀ ਅੰਮ੍ਰਿਤਾ ਵੜਿੰਗ ਨੇ ਗੁਰਦੁਆਰਾ ਕਰਮਸਰ ਰਾੜਾ ਸਾਹਿਬ ਵਿੱਚ ਪਹੁੰਚ ਕੇ ਸੰਤ ਬਲਜਿੰਦਰ ਸਿੰਘ ਦੇ ਦੇਹਾਂਤ ’ਤੇ ਟਰੱਸਟ ਦੇ ਮੈਂਬਰਾਂ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ। ਅੰਮ੍ਰਿਤਾ ਵੜਿੰਗ ਨੇ ਟਰੱਸਟ ਮੈਂਬਰਾਂ ਨਾਲ ਬੈਠ ਕੇ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਅਜਿਹੇ ਮਹਾਪੁਰਸ਼ਾਂ ਦਾ ਬੇਵਕਤੇ ਚਲੇ ਜਾਣਾ ਕਿਸੇ ਵੀ ਕੀਮਤ ਨਾਲ ਨਾ ਪੂਰਿਆ ਜਾਣ ਵਾਲਾ ਘਾਟਾ ਹੈ, ਕਿਉਂਕਿ ਉਹ ਇੱਕ ਵਿਲੱਖਣ ਰੂਹ ਸਨ, ਜਿਨ੍ਹਾਂ ਆਪਣੀ ਜ਼ਿੰਦਗੀ ਵਿੱਚ ਜਿੱਥੇ ਖ਼ੁਦ ਭਜਨ ਬੰਦਗੀ ਕੀਤੀ ਉੱਥੇ ਹੀ ਬਹੁਗਿਣਤੀ ਵਿੱਚ ਭਜਨ ਬੰਦਗੀ ਲਈ ਲੋਕਾਈ ਨੂੰ ਪ੍ਰੇਰਿਤ ਕਰਕੇ ਗੁਰਬਾਣੀ ਨਾਲ ਜੋੜਿਆ ਅਤੇ ਅਨੇਕਾਂ ਪ੍ਰਾਣੀਆਂ ਨੂੰ ਖੰਡੇ ਬਾਟੇ ਦਾ ਅੰਮ੍ਰਿਤ ਛਕਾਇਆ।
ਉਨ੍ਹਾਂ ਕਿਹਾ ਅਜਿਹੇ ਮਹਾਨ ਮਹਾਂਪੁਰਸ਼ ਦਾ ਦੁਨੀਆਂ ਤੋਂ ਤੁਰ ਜਾਣ ਨਾਲ ਕੌਮ ਦੇ ਨਾਲ ਨਾਲ ਸਮਾਜ ਨੂੰ ਵੀ ਵੱਡਾ ਘਾਟਾ ਹੈ। ਇਸ ਮੌਕੇ ਭਾਈ ਰਣਧੀਰ ਸਿੰਘ ਢੀਂਡਸਾ, ਭਾਈ ਮਨਿੰਦਰਜੀਤ ਸਿੰਘ ਬਾਵਾ, ਭਾਈ ਮਲਕੀਤ ਸਿੰਘ ਪਨੇਸਰ, ਭਾਈ ਗੁਰਨਾਮ ਸਿੰਘ ਅੜੈਚਾਂ, ਐਡਵੋਕੇਟ ਭਵਪ੍ਰੀਤ ਸਿੰਘ ਮੁੰਡੀ, ਬਾਬਾ ਰੋਸ਼ਨ ਸਿੰਘ ਧਬਲਾਨ, ਬਾਬਾ ਗੁਰਮੁੱਖ ਸਿੰਘ ਆਲੋਵਾਲ, ਬਾਬਾ ਅਮਰ ਸਿੰਘ , ਹਰਦੇਵ ਸਿੰਘ, ਜਗਜੀਤ ਸਿੰਘ ਗਿੱਲ, ਸਕਿੰਦਰ ਸਿੰਘ, ਕਾਂਗਰਸ ਦੇ ਪ੍ਰਧਾਨ ਅਤੇ ਸਾਬਕਾ ਸਰਪੰਚ ਗੁਰਵਿੰਦਰ ਸਿੰਘ ਗਿੱਲ ਟੀਨੂੰ ਘਲੋਟੀ, ਮਨੋਜ ਸ਼ਰਮਾ ਨਾਭੇ ਪੋਹੀੜ੍ਹ ਪ੍ਰਧਾਨ ਯੂਥ ਕਾਂਗਰਸ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸੰਗਤ ਸ਼ਾਮਲ ਸੀ।