ਸਰਹਿੰਦ ਨਹਿਰ ਦੀਆਂ ਅਬੋਹਰ ਤੇ ਬਠਿੰਡਾ ਸ਼ਾਖਾਵਾਂ ਨੂੰ ਨਜ਼ਰਅੰਦਾਜ਼ ਕਰਨ ਦਾ ਦੋਸ਼
ਦੋ ਦਰਜਨ ਤੋਂ ਵੱਧ ਪਿੰਡਾਂ ਦੇ ਲੋਕਾਂ ਨੇ ਰੋਸ ਪ੍ਰਗਟਾਇਆ
ਮਾਲੇਰਕੋਟਲਾ ਤੇ ਲੁਧਿਆਣਾ ਜ਼ਿਲ੍ਹਿਆਂ ਅਧੀਨ ਪੈਂਦੇ ਇਸ ਖੇਤਰ ਵਿੱਚੋਂ ਲੰਘਦੀਆਂ ਸਰਹਿੰਦ ਨਹਿਰ ਦੀਆਂ ਬਠਿੰਡਾ ਤੇ ਅਬੋਹਰ ਬ੍ਰਾਂਚਾਂ ਦੇ ਨੇੜੇ ਵਸੇ ਹੋਏ ਕਰੀਬ ਦੋ ਦਰਜਨ ਪਿੰਡਾਂ ਦੇ ਵਸਨੀਕਾਂ ਨੇ ਦੋਸ਼ ਲਾਇਆ ਹੈ ਕਿ ਸਬੰਧਤ ਅਧਿਕਾਰੀਆਂ ਨੇ ਹੜ੍ਹਾਂ ਤੋਂ ਪਹਿਲਾਂ ਇਨ੍ਹਾਂ ਦੀ ਸੰਭਾਲ ਨੂੰ ਨਜ਼ਰ-ਅੰਦਾਜ਼ ਕੀਤਾ ਹੈ। ਵੱਡੀ ਗਿਣਤੀ ਥਾਵਾਂ ਤੋਂ ਕਮਜ਼ੋਰ ਹੋਏ ਕੰਢਿਆਂ, ਖਸਤਾ ਹਾਲਤ ਪੁਲਾਂ ਅਤੇ ਪੁਲਾਂ ਨੇੜੇ ਇਕੱਠੇ ਹੋਏ ਰੇਤੇ ਦੇ ਢੇਰਾਂ ਨੇ ਪ੍ਰਤੱਖ ਤੌਰ ’ਤੇ ਇਹ ਸਾਬਿਤ ਕਰ ਦਿੱਤਾ ਹੈ ਕਿ ਨਹਿਰੀ ਵਿਭਾਗ ਦੇ ਇਸ ਖੇਤਰ ਦੇ ਅਧਿਕਾਰੀਆਂ ਨੂੰ ਲੋਕਾਂ ਦੇ ਜਾਨ-ਮਾਲ ਦੀ ਕੋਈ ਪਰਵਾਹ ਨਹੀਂ ਅਤੇ ਜੇ ਬਰਸਾਤਾਂ ਦੇ ਦਿਨਾਂ ਦੌਰਾਨ ਰੋਪੜ ਹੈੱਡਵਰਕਸ ਤੋਂ ਪਾਣੀ ਛੱਡਣਾ ਪੈ ਜਾਂਦਾ ਤਾਂ ਕਈ ਥਾਵਾਂ ਤੋਂ ਕੰਢੇ ਟੁੱਟ ਕੇ ਪਾਣੀ ਨੇ ਖੇਤਾਂ ਤੇ ਰਿਹਾਇਸ਼ੀ ਇਲਾਕਿਆਂ ਵਿੱਚ ਤਬਾਹੀ ਮਚਾਉਣੀ ਸੀ।
ਲੋਕਾਂ ਨੂੰ ਇਸ ਗੱਲ ਦਾ ਹੋਰ ਵੀ ਗਿਲਾ ਹੈ ਕਿ ਜਦੋਂ ਪੰਜਾਬ ਸਰਕਾਰ ਨੇ ਸੂਬੇ ਦੇ ਸਾਰੇ ਜ਼ਿਲ੍ਹੇ ਹੜ੍ਹਗ੍ਰਸਤ ਐਲਾਨ ਦਿੱਤੇ ਸਨ ਅਤੇ ਕਿਲਾਰਾਏਪੁਰ, ਨਾਰੰਗਵਾਲ, ਡੇਹਲੋਂ, ਜੰਡਾਲੀ, ਜਗੇੜਾ ਤੇ ਪੋਹੀੜ ਆਦਿ ਪਿੰਡਾਂ ਨੇੜੇ ਨਹਿਰ ਦੇ ਕੰਢਿਆਂ, ਟੁੱਟੇ ਹੋਏ ਪੁਲਾਂ ਤੇ ਪਾਣੀ ਵਿੱਚ ਰੁਕਾਵਟ ਬਣੇ ਦਰੱਖਤਾਂ ਸਬੰਧੀ ਸੋਸ਼ਲ ਮੀਡੀਆ ’ਤੇ ਪੋਸਟਾਂ ਪੈ ਰਹੀਆਂ ਸਨ ਤਾਂ ਵੀ ਵਿਭਾਗ ਦੇ ਕਰਮਚਾਰੀਆਂ ਨੇ ਇਨ੍ਹਾਂ ਨਹਿਰਾਂ ਦੀ ਸਾਰ ਲੈਣ ਦੀ ਕੋਸ਼ਿਸ਼ ਨਹੀਂ ਕੀਤੀ।
ਅਜਿਹੇ ਕੰਮ ਨਹਿਰਾਂ ਬੰਦ ਹੋਣ ਮਗਰੋਂ ਕਰਵਾਏ ਜਾਂਦੇ ਨੇ: ਈਈ
ਕਾਰਜਕਾਰੀ ਇੰਜਨੀਅਰ ਦਮਨਦੀਪ ਸਿੰਘ ਨੇ ਕਈ ਥਾਈਂ ਬਣੇ ਰੇਤੇ ਦੇ ਢੇਰਾਂ ਤੇ ਨਹਿਰਾਂ ਵਿੱਚੋਂ ਨਿਕਲਦੀਆਂ ਡਰੇਨਾਂ ਦੀ ਸਫ਼ਾਈ ਦੀ ਕਮੀ ਨੂੰ ਕਬੂਲਦਿਆਂ ਦਲੀਲ ਦਿੱਤੀ ਕਿ ਅਜਿਹੇ ਕੰਮ ਨਹਿਰਾਂ ਬੰਦ ਹੋਣ ਤੋਂ ਬਾਅਦ ਸਮੇਂ-ਸਮੇਂ ’ਤੇ ਕਰਵਾਏ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਸ਼ਾਖਾਵਾਂ ਵਿੱਚ ਪਾਣੀ ਕਿਸਾਨਾਂ ਦੀ ਮੰਗ ਅਨੁਸਾਰ ਹੀ ਛੱਡਿਆ ਜਾਂਦਾ ਹੈ ਜਿਸ ਦੀ ਬੀਤੇ ਦਿਨਾਂ ਦੌਰਾਨ ਲੋੜ ਨਹੀਂ ਸੀ।