ਮੋਹਨ ਸਿੰਘ ਯਾਦਗਾਰੀ ਕੌਮਾਂਤਰੀ ਮੇਲੇ ਦੇ ਸਾਰੇ ਪ੍ਰੋਗਰਾਮ ਰੱਦ
ਬੁੱਤ ’ਤੇ ਫੁੱਲ ਮਾਲਾਵਾਂ ਚਡ਼੍ਹਾ ਕੇ ਦਿੱਤੀ ਜਾਵੇਗੀ ਸ਼ਰਧਾਂਜਲੀ; ਹਡ਼੍ਹਾਂ ਨਾਲ ਹੋਈ ਤਬਾਹੀ ਦੇ ਮੱਦੇਨਜ਼ਰ ਲਿਆ ਫ਼ੈਸਲਾ
ਪ੍ਰੋ. ਮੋਹਨ ਸਿੰਘ ਯਾਦਗਾਰੀ ਫਾਊਂਡੇਸ਼ਨ ਵੱਲੋਂ ਅੱਜ ਇਥੇ ਅਹਿਮ ਕੀਤੀ ਗਈ ਜਿਸ ਵਿੱਚ ਐਲਾਨ ਕੀਤਾ ਗਿਆ ਕਿ 47ਵਾਂ ਪ੍ਰੋ. ਮੋਹਨ ਸਿੰਘ ਯਾਦਗਾਰੀ ਕੌਮਾਂਤਰੀ ਸਭਿਅਚਾਰਕ ਮੇਲਾ ਇਸ ਬਾਰ ਸਿਰਫ ਫੁੱਲਾਂ ਦੀ ਮਾਲਾ ਨਾਲ ਮਨਾਇਆ ਜਾਵੇਗਾ ਜਦਕਿ ਬਾਕੀ ਸਾਰੇ ਪ੍ਰੋਗਰਾਮ ਰੱਦ ਕਰ ਦਿੱਤੇ ਗਏ ਹਨ। ਚੇਅਰਮੈਨ ਗੁਰਨਾਮ ਸਿੰਘ ਧਾਲੀਵਾਲ ਅਤੇ ਪ੍ਰਧਾਨ ਰਾਜੀਵ ਕੁਮਾਰ ਲਵਲੀ ਦੀ ਅਗਵਾਈ ਵਿੱਚ ਹੋਈ ਇਸ ਇਕੱਤਰਤਾ ਵਿੱਚ ਪ੍ਰੋ. ਮੋਹਨ ਸਿੰਘ ਯਾਦਗਾਰੀ ਫਾਊਂਡੇਸ਼ਨ ਦੇ ਸਰਪ੍ਰਸਤ ਪਰਗਟ ਸਿੰਘ ਗਰੇਵਾਲ, ਸਕੱਤਰ ਜਨਰਲ ਡਾ ਨਿਰਮਲ ਜੌੜਾ, ਸਕੱਤਰ ਸਰਗਰਮੀਆਂ ਕਰਮਜੀਤ ਗਰੇਵਾਲ ਅਤੇ ਕਲਾਕਾਰ ਗੁਲਜ਼ਾਰ ਸਿੰਘ ਕਾਲਕਟ ਸਮੇਤ ਅਹੁਦੇਦਾਰ ਅਤੇ ਕਲਾਪ੍ਰੇਮੀ ਹਾਜ਼ਰ ਹੋਏ।
ਗੁਰਨਾਮ ਸਿੰਘ ਧਾਲੀਵਾਲ ਅਤੇ ਰਾਜੀਵ ਕੁਮਾਰ ਲਵਲੀ ਨੇ ਦੱਸਿਆ ਕਿ ਪਿਛਲੇ ਸਮੇਂ ਹੜ੍ਹਾਂ ਨਾਲ ਹੋਈ ਤਬਾਹੀ ਕਾਰਨ ਲੋਕਾਂ ਦੇ ਮਨ ਦੁੱਖੀ ਹਨ ਅਤੇ ਆਰੀਥਕਤਾ ਨੂੰ ਸੱਟ ਵੱਜੀ ਹੈ। ਅਜਿਹੇ ਹਾਲਾਤ ਵਿੱਚ ਮੇਲੇ ਦੇ ਜਸ਼ਨ ਮਨਾਉਣ ਦੀ ਵਜਾਏ ਅਰਦਾਸ ਕਰਨੀ ਜ਼ਰੂਰੀ ਹੈ। ਮੀਟਿੰਗ ਵਿੱਚ ਉਘੇ ਕਲਾਕਾਰ ਜਸਵਿੰਦਰ ਭੱਲਾ, ਸੰਗੀਤਕਾਰ ਚਰਨਜੀਤ ਅਹੂਜਾ, ਲੇਖਕ ਡਾ. ਫਕੀਰ ਚੰਦ ਸ਼ੁਕਲਾ, ਅਲਗੋਜ਼ਾ ਵਾਦਕ ਕਮਲਜੀਤ ਸਿੰਘ ਬੱਗਾ ਅਤੇ ਨੌਜਵਾਨ ਫਨਕਾਰ ਰਾਜਵੀਰ ਜਵੰਦਾ ਦੀ ਬੇਵਕਤੀ ਮੌਤ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ।
ਧਾਲੀਵਾਲ ਅਤੇ ਲਵਲੀ ਅਨੁਸਾਰ ਇਸ ਬਾਰ 18 ਅਕਤੂਬਰ ਦਿਨ ਸ਼ਨਿਚਰਵਾਰ ਨੂੰ ਪੰਜਾਬੀ ਭਵਨ ਦੇ ਬਾਹਰ ਲੱਗੇ ਪ੍ਰੋਫੈਸਰ ਮੋਹਨ ਸਿੰਘ, ਜਗਦੇਵ ਸਿੰਘ ਜੱਸੋਵਾਲ ਅਤੇ ਜਨਾਬ ਜਸਵੰਤ ਭੰਵਰਾ ਦੇ ਬੁੱਤਾਂ ਤੇ ਫੁੱਲਮਾਲਾ ਪਾਈ ਜਾਵੇਗੀ ਜਾਵੇਗੀ । ਇਸ ਉਪਰੰਤ ਵਿੱਛੜੀਆਂ ਰੂਹਾਂ ਨੂੰ ਸ਼ਰਧਾਂਜ਼ਲੀ ਭੇਟ ਕੀਤੀ ਜਾਵੇਗੀ । ਉਹਨਾਂ ਸਮੂਹ ਕਲਾਕਾਰਾਂ , ਸਾਹਿਤਕਾਰਾਂ ਅਤੇ ਕਲਾ ਪ੍ਰੇਮੀਆਂ ਨੂੰ ਇਸ ਰਸਮ ਵਿੱਚ ਸ਼ਾਮਲ ਹੋਣ ਦੀ ਅਪੀਲ ਵੀ ਕੀਤੀ।