ਪੀ ਏ ਯੂ ਵਿਚ ਬੀਤੇ ਦਿਨ ਸ਼ੁਰੂ ਹੋਈ 11ਵੀਂ ਸਰਬ ਭਾਰਤੀ ਭਾਸ਼ਾ ਵਿਗਿਆਨ ਅਤੇ ਲੋਕਧਾਰਾ ਕਾਨਫਰੰਸ ਦੇ ਦੂਸਰੇ ਦਿਨ ਅੱਜ ਕਈ ਵਿਚਾਰ-ਚਰਚਾ ਸੈਸ਼ਨਾਂ ਦੌਰਾਨ ਨਿੱਠ ਕੇ ਗੱਲਬਾਤ ਹੋਈ। ਦੇਸ਼ ਭਰ ਵਿੱਚੋਂ ਆਏ ਸਿੱਖਿਆ ਸ਼ਾਸਤਰੀਆਂ, ਮਾਹਿਰਾਂ, ਖੋਜੀਆਂ ਅਤੇ ਭਾਸ਼ਾ ਵਿਗਿਆਨੀਆਂ ਨੇ ਭਾਸ਼ਾ, ਲੋਕਧਾਰਾ ਅਤੇ ਸੱਭਿਆਚਾਰਕ ਰਹਿਤਲ ਸੰਬੰਧੀ ਅਜੋਕੇ ਸੰਦਰਭਾਂ ਬਾਰੇ ਆਪਣੇ ਗਿਆਨ ਦੀ ਰੌਸ਼ਨੀ ਵਿਚ ਨਵੀਆਂ ਧਾਰਨਾਵਾਂ ਪੇਸ਼ ਕੀਤੀਆਂ। ਡਾ. ਸੁਰਜੀਤ ਪਾਤਰ ਚੇਅਰ, ਖੇਤੀ ਪੱਤਰਕਾਰੀ, ਭਾਸ਼ਾ ਅਤੇ ਸੱਭਿਆਚਾਰ ਵਿਭਾਗ ਵੱਲੋਂ ਪੰਜਾਬੀ ਲੋਕਧਾਰਾ ਅਕਾਦਮੀ ਅਤੇ ਭਾਰਤੀ ਭਾਸ਼ਾਵਾਂ ਬਾਰੇ ਮੈਸੂਰ ਦੇ ਕੇਂਦਰ ਸਹਿਯੋਗ ਨਾਲ ਕਰਵਾਈ ਜਾ ਰਹੀ ਇਸ ਕਾਨਫਰੰਸ ਵਿੱਚ ਰਾਸ਼ਟਰੀ ਸਿੱਖਿਆ ਨੀਤੀ 2020 ਨੂੰ ਰਾਸ਼ਟਰ ਦੇ ਨਿਰਮਾਣ ਅਤੇ ਭਾਸ਼ਾਕਾਰੀ ਦੇ ਸੰਦਰਭ ਵਿਚ ਜਾਨਣ ਦੀ ਕੋਸ਼ਿਸ਼ ਹੋ ਰਹੀ ਹੈ।
ਸਵੇਰ ਦੇ ਸੈਸ਼ਨ ਵਿਚ ਲੋਕਧਾਰਾ, ਵਾਤਾਵਰਨ ਅਤੇ ਸਥਿਰਤਾ ਦੇ ਵਿਸ਼ੇ ਤੇ ਗੱਲਬਾਤ ਹੋਈ। ਇਸ ਦੌਰਾਨ ਕਬੀਲਾ ਯੁੱਗ ਵਿਚ ਮਨੁੱਖ ਅਤੇ ਪਸ਼ੂਆਂ ਦੇ ਸੰਬੰਧਾਂ ਦੇ ਨਾਲ-ਨਾਲ ਸੰਚਾਰ ਦੀਆਂ ਵਾਤਾਵਰਨ ਪੱਖੀ ਮੌਖਿਕ ਕਿਰਿਆਵਾਂ, ਕਬੀਲਾਈ ਭਾਸ਼ਾਈ ਪ੍ਰਬੰਧ ਅਤੇ ਪਾਣੀ ਸੰਬੰਧੀ ਗਿਆਨ ਦੇ ਪੁਰਾਤਨ ਜਾਣਕਾਰੀ ਸਰੋਤਾਂ ਬਾਰੇ ਵਿਚਾਰ-ਚਰਚਾ ਹੋਈ। ਇਸ ਤੋਂ ਬਾਅਦ ਇਕ ਸੈਸ਼ਨ ਵਿਚ ਲੋਕਧਾਰਾ, ਸਿੱਖਿਆ ਅਤੇ ਰੂਪਾਂਤਰਣ ਬਾਰੇ ਮਾਹਿਰਾਂ ਨੇ ਪਰਚੇ ਪੇਸ਼ ਕੀਤੇ। ਦੁਪਹਿਰ ਬਾਅਦ ਦੇ ਸੈਸ਼ਨ ਵਿਚ ਮੀਡੀਆ, ਮਸਨੂਈ ਬੁੱਧੀ ਅਤੇ ਸੰਚਾਰ ਬਾਰੇ ਪੇਪਰ ਪੇਸ਼ ਕੀਤੇ ਗਏ। ਇਸ ਦੌਰਾਨ ਬਦਲਦੀਆਂ ਗਿਆਨ ਰੁਚੀਆਂ ਅਤੇ ਨਵੀਂ ਤਕਨਾਲੋਜੀ ਨਾਲ ਸੰਸਾਰ ਪੱਧਰ ਤੇ ਮੀਡੀਆ ਦੀ ਬਦਲਦੀ ਭਾਸ਼ਾ ਅਤੇ ਉਸ ਉੱਪਰ ਏ ਆਈ ਦਾ ਪ੍ਰਭਾਵ ਰਾਸ਼ਟਰੀ ਸਿੱਖਿਆ ਨੀਤੀ ਦੇ ਪ੍ਰਸੰਗ ਵਿਚ ਵਿਸ਼ਲੇਸ਼ਣ ਦੇ ਕੇਂਦਰ ਵਿਚ ਸੀ। ਅੱਜ ਦੇ ਇਹਨਾਂ ਸੈਸ਼ਨਾਂ ਦੀ ਪ੍ਰਧਾਨਗੀ ਹਰਿਆਣਾ ਦੀ ਕੇਂਦਰੀ ਯੂਨੀਵਰਸਿਟੀ ਦੇ ਅੰਗਰੇਜ਼ੀ ਵਿਭਾਗ ਦੇ ਮੁਖੀ ਡਾ. ਤਨੂ ਗੁਪਤਾ, ਡਾ. ਮੀਨੂੰ ਅਗਰਵਾਲ, ਡਾ. ਐੱਚ ਐੱਸ ਰੰਧਾਵਾ ਨੇ ਕੀਤੀ।