ਕੁੱਲ ਹਿੰਦ ਸਿਖਿਆ ਅਧਿਕਾਰ ਮੰਚ ਦੀ ਬੀਬੀ ਅਮਰ ਕੌਰ ਯਾਦਗਾਰ ਲਾਇਬਰੇਰੀ ਵਿੱਚ ਮੰਚ ਦੇ ਕੌਮੀ ਪ੍ਰਧਾਨ ਜਗਮੋਹਨ ਸਿੰਘ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ ਜਿਸ ਵਿੱਚ 10 ਤੋਂ 12 ਅਕਤੂਬਰ ਤੱਕ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿੱਚ ਹੋ ਰਹੀ ਕਾਨਫਰੰਸ ਦੀ ਸਫ਼ਲਤਾ ਬਾਰੇ ਗੰਭੀਰ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਕਾਨਫਰੰਸ ਵਿੱਚ ਦੇਸ਼ ਭਰ ਦੇ ਲੋਕਪੱਖੀ ਬੁੱਧੀਜੀਵੀ, ਵਿਦਿਆਰਥੀ ਤੇ ਅਧਿਆਪਕ ਸੰਗਠਨਾਂ ਦੇ ਡੈਲੀਗੇਟ ਭਾਗ ਲੈਣਗੇ। ਇਸ ਕਾਨਫਰੰਸ ਵਿੱਚ ਦੇਸ਼ ਅੰਦਰ ਸਿੱਖਿਆ ਜਗਤ ਵਿੱਚ ਆ ਰਹੇ ਗੰਭੀਰ ਨਿਘਾਰ, ਸਿੱਖਿਆ ਨੂੰ ਵਪਾਰ ਦੀ ਵਸਤੂ ਬਨਾਉਣ, ਕੇਂਦਰ ਸਰਕਾਰ ਵੱਲੋਂ ਲਿਆਂਦੀ ਨਵੀ ਸਿਖਿਆ ਨੀਤੀ ਰਾਹੀ ਵੱਡੀ ਗਿਣਤੀ ਬੱਚਿਆਂ ਤੋਂ ਸਿੱਖਿਆ ਦਾ ਹੱਕ ਖੋਹਣ, ਸਿੱਖਿਆ ਦੇ ਸਿਲੇਬਸ ਨੂੰ ਅਠਾਰਵੀਂ ਸਦੀ ’ਚ ਲਿਜਾਣ, ਸਿੱਖਿਆ ਦਾ ਨਿੱਜੀਕਰਨ ਅਤੇ ਭਗਵਾਂਕਰਨ ਕਰਨ ਅਤੇ ਸਿਖਿਆ ਦਾ ਲੋਕਪੱਖੀ ਬਦਲ ਪੇਸ਼ ਕਰਨ, ਸਿੱਖਿਆ ਮੁਫ਼ਤ ਅਤੇ ਰੁਜਗਾਰ ਮੁੱਖੀ ਕਰਨ ਆਦਿ ਮੁੱਦਿਆਂ ਤੇ ਵਿਸਥਾਰਤ ਵਿਚਾਰ ਚਰਚਾ ਕੀਤੀ ਜਾਵੇਗੀ।
ਇਸ ਕਾਫਰੰਸ ਵਿੱਚ ਸਿੱਖਿਆ ਨੂੰ ਦਰਪੇਸ਼ ਖਤਰਿਆਂ ਖ਼ਿਲਾਫ਼ ਲੋਕ ਲਾਮਬੰਦੀ ਦੀ ਯੋਜਨਾਬੰਦੀ ਕੀਤੀ ਜਾਵੇਗੀ।
ਮੀਟਿੰਗ ਵਿੱਚ ਜਮਹੂਰੀ ਅਧਿਕਾਰ ਸਭਾ ਵੱਲੋਂ ਨਰਭਿੰਦਰ, ਇਨਕਲਾਬੀ ਕੇਂਦਰ ਪੰਜਾਬ ਵੱਲੋਂ ਕੰਵਲਜੀਤ ਖੰਨਾ, ਡੀਟੀਐਫ ਵੱਲੋਂ ਮੁਕੇਸ਼ ਕੁਮਾਰ, ਰਮਨਜੀਤ ਸੰਧੂ, ਡੀਐਮਐਫ ਵੱਲੋਂ ਸੁਖਵਿੰਦਰ ਲੀਲ , ਪੰਜਾਬ ਸਟੂਡੈੰਟਸ ਯੂਨੀਅਨ ਵੱਲੋਂ ਅਮਨਦੀਪ ਸਿੰਘ ਖਿਓਵਾਲੀ, ਧੀਰਜ ਫਾਜ਼ਿਲਕਾ, ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਵੱਲੋਂ ਸੁਖਵਿੰਦਰ ਸਿੰਘ ਹਾਜਰ ਸਨ ਜਦਕਿ ਡੀਟੀਐਫ (ਦਿਗਵਿਜੈ) ਨੇ ਫ਼ੈਸਲਿਆਂ ਸਬੰਧੀ ਸਹਿਮਤੀ ਭੇਜੀ।
ਅਗਲੀ ਮੀਟਿੰਗ 4 ਅਕਤੂਬਰ ਨੂੰ ਸਵੇਰੇ 11 ਵਜੇ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿੱਚ ਰੱਖੀ ਗਈ ਹੈ ਜਿਸ ਵਿੱਚ ਸਮੁੱਚੀ ਤਿਆਰੀ ਨੂੰ ਅੰਤਿਮ ਛੋਹਾਂ ਦਿੱਤੀਆਂ ਜਾਣਗੀਆਂ।