ਅਕਾਲੀ ਦਲ ਨੇ ਨੀਤੀ ਰੱਦ ਹੋਣ ਦਾ ਸਿਹਰਾ ਬੰਨ੍ਹਿਆ ਆਪਣੇ ਸਿਰ
ਸ਼੍ਰੋਮਣੀ ਅਕਾਲੀ ਦਲ ਨੇ ਲੈਂਡ ਪੂਲਿੰਗ ਨੀਤੀ ਰੱਦ ਹੋਣ ਸਬੰਧੀ ਇਥੇ ਰੱਖੀ ਪ੍ਰੈੱਸ ਕਾਨਫਰੰਸ ਦੌਰਾਨ ਆਪਣੀ ਹੀ ਪਿੱਠ ਥਾਪੜੀ ਅਤੇ ਪੂਰਾ ਸਮਾਂ ਨੀਤੀ ਰੱਦ ਹੋਣ ਦਾ ਸਿਹਰਾ ਵੀ ਆਪਣੇ ਹੀ ਬੰਨ੍ਹਦੇ ਨਜ਼ਰ ਆਏ। ਕੋਰ ਕਮੇਟੀ ਮੈਂਬਰ ਤੇ ਸਾਬਕਾ ਵਿਧਾਇਕਾ ਐਸ.ਆਰ ਕਲੇਰ, ਮੀਤ ਪ੍ਰਧਾਨ ਗੁਰਚਰਨ ਸਿੰਘ ਗਰੇਵਾਲ, ਜ਼ਿਲ੍ਹਾ ਦਿਹਾਤੀ ਪ੍ਰਧਾਨ ਚੰਦ ਸਿੰਘ ਡੱਲਾ, ਜਸਕਰਨ ਦਿਓਲ ਤੇ ਹੋਰਨਾਂ ਅਕਾਲੀ ਆਗੂਆਂ ਨੇ ਇਸ ਮੌਕੇ 'ਆਪ' ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਮਨੀਸ਼ ਸਿਸੋਦੀਆ ਦੇ 2027 ਚੋਣਾਂ ਜਿੱਤਣ ਲਈ ਹਰ ਹਰਬਾ ਵਰਤਣ ਵਾਲੇ ਬਿਆਨ ਦਾ ਵੀ ਸਖ਼ਤ ਨੋਟਿਸ ਲਿਆ। ਇਸ ਮੁੱਦੇ 'ਤੇ ਆਮ ਆਦਮੀ ਪਾਰਟੀ ਨੂੰ ਆਪਣੇ ਨਾਪਾਕਿ ਇਰਾਦੇ ਤੇ ਹੱਥ ਪੰਜਾਬੀਆਂ ਤੋਂ ਦੂਰ ਰੱਖਣ ਦੀ ਨਸੀਹਤ ਦਿੰਦਿਆਂ ਚੁਣੌਤੀ ਦਿੱਤੀ ਕਿ ਇਹ ਪੰਜਾਬੀ ਹਨ ਜੋ ਧੱਕੇ ਦਾ ਜਵਾਬ ਆਪਣੇ ਤਰੀਕੇ ਨਾਲ ਦਿੰਦੇ ਹਨ। ਨਾਲ ਹੀ ਨਵੇਂ ਬਣੇ ਸ਼੍ਰੋਮਣੀ ਅਕਾਲੀ ਦਲ, ਇਸਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਤੇ ਦਾਖਾ ਦੇ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਤੋਂ ਵੀ ਜਵਾਬ ਮੰਗੇ ਗਏ। ਮੀਡੀਆ ਨਾਲ ਗੱਲਬਾਤ ਸਮੇਂ ਸਭ ਤੋਂ ਪਹਿਲਾਂ ਉਕਤ ਅਕਾਲੀ ਆਗੂਆਂ ਨੇ ਕਿਹਾ ਕਿ ਜਿਵੇਂ ਹੀ ਲੈਂਡ ਪੂਲਿੰਗ ਨੀਤੀ ਦਾ ਸਰਕਾਰ ਨੇ ਨੋਟੀਫਿਕੇਸ਼ਨ ਜਾਰੀ ਕੀਤਾ ਤਾਂ ਪ੍ਰਧਾਨ ਸੁਖਬੀਰ ਸਿੰਘ ਬਾਦਲ ਹੀ ਮੈਦਾਨ ਵਿੱਚ ਨਿੱਤਰੇ।
ਇਸ ਨੀਤੀ ਖ਼ਿਲਾਫ਼ ਸੰਘਰਸ਼ ਦਾ ਐਲਾਨ ਵੀ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਨੇ ਹੀ ਕੀਤਾ ਅਤੇ ਧਰਨੇ ਮੁਜ਼ਾਹਰੇ ਸ਼ੁਰੂ ਕੀਤੇ। ਇਸ ਨੀਤੀ ਖ਼ਿਲਾਫ਼ ਹੋਰਨਾਂ ਸਿਆਸੀ ਧਿਰਾਂ ਤੇ ਸੰਯੁਕਤ ਮੋਰਚੇ ਨਾਲ ਜੁੜੀਆਂ ਕਿਸਾਨਾਂ ਜਥੇਬੰਦੀਆਂ ਸਣੇ ਆਮ ਕਿਸਾਨਾਂ ਦੀ ਭੂਮਿਕਾ ਤੇ ਯੋਗਦਾਨ ਨੂੰ ਉਹ ਅਣਗੌਲਿਆਂ ਕਰ ਗਏ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ 2027 ਦੀਆਂ ਚੋਣਾਂ ਜਿੱਤਣ ਲਈ ਘਾਤਕ ਸਾਜਿਸ਼ ਰਚ ਰਹੀ ਹੈ। ਇਹ ਮਨੀਸ਼ ਸਿਸੋਦੀਆ ਦੇ ਤਾਜ਼ਾ ਬਿਆਨ ਤੋਂ ਸਾਫ ਝਲਕਦੀ ਹੈ। ਉਨ੍ਹਾਂ ਸਿਸੋਦੀਆ ਦੇ ਬਿਆਨ ਨੂੰ ਪੰਜਾਬ ਦੀ ਏਕਤਾ, ਭਾਈਚਾਰਕ ਸਾਂਝ ਤੇ ਅਖੰਡਤਾ ਲਈ ਗੰਭੀਰ ਖ਼ਤਰਾ ਦੱਸਿਆ। ਇਸ ਨੂੰ ਸੰਵਿਧਾਨ ਦੇ ਵੀ ਉਲਟ ਦੱਸਿਆ ਅਤੇ ਚੋਣ ਕਮਿਸ਼ਨ ਤੋਂ ਕਾਰਵਾਈ ਦੀ ਮੰਗ ਕੀਤੀ। ਮੁੱਖ ਮੰਤਰੀ ਭਗਵੰਤ ਮਾਨ ਤੇ 'ਆਪ' ਦੇ ਸੂਬਾ ਪ੍ਰਧਾਨ ਅਮਨ ਅਰੋੜਾ ਦਾ ਮੌਕੇ 'ਤੇ ਮੌਜੂਦ ਹੋਣ ਦੇ ਬਾਵਜੂਦ ਵਿਰੋਧ ਕਰਨ ਦੀ ਥਾਂ ਉਲਟਾ ਦੰਦ ਕੱਢਣ ਦੀ ਵੀ ਉਨ੍ਹਾਂ ਨਿਖੇਧੀ ਕੀਤੀ। ਨਵੇਂ ਬਣੇ ਅਕਾਲੀ ਦਲ ਤੇ ਇਸਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ 'ਤੇ ਵੀ ਉਨ੍ਹਾਂ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਦੇ ਉਲਟ ਚੱਲਣ ਦਾ ਦੋਸ਼ ਲਾਉਂਦਿਆਂ ਕੁਝ ਸਵਾਲ ਕੀਤੇ। ਸਮੁੱਚੀ ਚੋਣ ਪ੍ਰਕਿਰਿਆ ਨੂੰ ਹੀ ਉਨ੍ਹਾਂ ਗਲਤ ਕਰਾਰ ਦਿੱਤਾ ਅਤੇ ਹਲਕਾ ਦਾਖਾ ਦੇ ਵਿਧਾਇਕ ਮਨਪ੍ਰੀਤ ਸਿੰਘ ਇਆਲੀ 'ਤੇ ਏਜੰਸੀਆਂ ਦੇ ਡਰੋਂ ਸ਼੍ਰੋਮਣੀ ਅਕਾਲੀ ਦਲ ਦੇ ਉਲਟ ਚੱਲਣ ਦਾ ਦੋਸ਼ ਮੜ੍ਹਿਆ।