ਅਕਾਲੀ ਦਲ ਨੇ ਫਿਰੋਜ਼ਪੁਰ ਸੜਕ ਕੀਤੀ ਜਾਮ
ਸ਼੍ਰੋਮਣੀ ਅਕਾਲੀ ਦਲ ਨੇ ਮੰਗਲਵਾਰ ਨੂੰ ਡੀਸੀ ਦਫ਼ਤਰ ਦੇ ਬਾਹਰ ਆਮ ਆਦਮੀ ਪਾਰਟੀ ਵੱਲੋਂ ਲਿਆਂਦੀ ਜਾ ਰਹੀ ਲੈਂਡ ਪੂਲਿੰਗ ਸਕੀਮ ਦੇ ਵਿਰੋਧ ਵਿੱਚ ਪ੍ਰਦਰਸ਼ਨ ਕੀਤਾ। ਧਰਨੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪੁੱਜੇ। ਇਸ ਦੌਰਾਨ ਵੱਡੀ ਗਿਣਤੀ ਵਿੱਚ ਪੁੱਜੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨੇ ਆਪਣਾ ਵਿਰੋਧ ਜ਼ਾਹਰ ਕਰਦੇ ਹੋਏ ਫਿਰੋਜ਼ਪੁਰ ਰੋਡ ਨੂੰ ਪੂਰੀ ਤਰ੍ਹਾਂ ਜਾਮ ਕਰ ਦਿੱਤਾ। ਦੋਵੇਂ ਸੜਕਾਂ ’ਤੇ ਅਕਾਲੀ ਦਲ ਵਰਕਰ ਖੜ੍ਹੇ ਹੋ ਗਏ ਤੇ ਜਾਮ ਲਗਾ ਦਿੱਤਾ। ਮੀਂਹ ਦੌਰਾਨ ਹੀ ਅਕਾਲੀ ਦਲ ਦੇ ਧਰਨੇ ਕਾਰਨ ਇਥੇ ਲੰਮਾ ਜਾਮ ਲੱਗ ਗਿਆ। ਲੋਕਾਂ ਨੂੰ ਉੱਥੋਂ ਲੰਘਣ ਲਈ ਕਾਫ਼ੀ ਜੱਦੋ-ਜਹਿਦ ਕਰਨੀ ਪਈ। ਭਾਰੀ ਮੀਂਹ ਤੇ ਵਿਰੋਧ ਪ੍ਰਦਰਸ਼ਨ ਵਿੱਚ ਸ਼ਾਮਲ ਹੋਣ ਲਈ ਆਏ ਅਕਾਲੀ ਵਰਕਰਾਂ ਨੇ ਆਪਣੇ ਵਾਹਨ ਇੱਥੇ-ਉੱਥੇ ਖੜ੍ਹੇ ਕਰ ਦਿੱਤੇ ਜਿਸ ਕਾਰਨ ਇਹ ਸੜਕ ਬਿਲਕੁਲ ਹੀ ਬੰਦ ਹੋ ਗਈ। ਪੁਲੀਸ ਨੂੰ ਵੀ ਜਾਮ ਹਟਾਉਣ ਲਈ ਕਾਫ਼ੀ ਮਿਹਨਤ ਕਰਨੀ ਪਈ। ਪਰ ਅਕਾਲੀ ਦਲ ਦਾ ਵਿਰੋਧ ਖਤਮ ਹੋਣ ’ਤੇ ਜਾਮ ਖਤਮ ਹੋਇਆ। ਅਕਾਲੀ ਦਲ ਵੱਲੋਂ ਫਿਰੋਜ਼ਪੁਰ ਰੋਡ ’ਤੇ ਧਰਨਾ ਦਿੱਤਾ ਜਾ ਰਿਹਾ ਸੀ, ਜਿਥੇ ਜ਼ਿਲ੍ਹਾ ਅਕਾਲੀ ਦਲ ਦਾ ਦਫ਼ਤਰ ਵੀ ਹੈ। ਧਰਨੇ ਵਿੱਚ ਸ਼ਾਮਲ ਹੋਣ ਲਈ ਅਕਾਲੀ ਵਰਕਰ ਦੂਰ-ਦੂਰ ਤੋਂ ਆਏ ਸਨ। ਅਕਾਲੀ ਵਰਕਰਾਂ ਨੇ ਆਪਣੇ ਵਾਹਨ ਸੜਕ ’ਤੇ ਖੜ੍ਹੇ ਕਰ ਦਿੱਤੇ ਅਤੇ ਵੱਡੀ ਗਿਣਤੀ ਵਿੱਚ ਵਰਕਰ ਵੀ ਸੜਕ ’ਤੇ ਖੜ੍ਹੇ ਸਨ। ਅਕਾਲੀ ਵਰਕਰਾਂ ਨੇ ਆਪਣੇ ਪ੍ਰਦਰਸ਼ਨ ਦੌਰਾਨ ਫਿਰੋਜ਼ਪੁਰ ਰੋਡ ਨੂੰ ਵੀ ਜਾਮ ਕਰ ਦਿੱਤਾ। ਪਹਿਲਾਂ ਪੁਲੀਸ ਨੇ ਇਸ ਸੜਕ ’ਤੇ ਆਵਾਜਾਈ ਦਾ ਰੂਟ ਬਦਲਿਆ ਨਹੀਂ ਸੀ ਪਰ ਜਦੋਂ ਅਕਾਲੀ ਵਰਕਰ ਧਰਨੇ ਦੌਰਾਨ ਹੀ ਸੜਕ ਦੇ ਦੋਵੇਂ ਪਾਸੇ ਆ ਕੇ ਖੜ੍ਹੇ ਹੋ ਗਏ ਤਾਂ ਉਥੇ ਕਾਫ਼ੀ ਲੰਬੀਆਂ ਗੱਡੀਆਂ ਦੀਆਂ ਲਾਈਨਾਂ ਲੱਗ ਗਈਆਂ। ਸਵੇਰੇ ਦਫਤਰ ਜਾਣ ਵਾਲੇ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਡਿਊਟੀ ’ਤੇ ਮੌਜੂਦ ਟਰੈਫਿਕ ਪੁਲੀਸ ਨੇ ਰਸਤਾ ਬਦਲ ਦਿੱਤਾ ਅਤੇ ਕਈ ਥਾਵਾਂ ’ਤੇ ਟਰੈਫਿਕ ਨੂੰ ਡਾਇਵਰਟ ਕੀਤਾ ਗਿਆ। ਪਰ ਫਿਰ ਵੀ ਜਾਮ ਨਹੀਂ ਹਟਿਆ। ਧਰਨਾ ਖਤਮ ਹੋਣ ਮਗਰੋਂ ਹੀ ਲੋਕਾਂ ਨੂੰ ਰਾਹਤ ਮਿਲੀ।